ਪਿਜ਼ਾ ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਡੋਮੀਨੋਜ਼ ਨੇ ਦਿੱਤੀ ਵੱਡੀ ਰਾਹਤ

11/15/2017 2:29:06 PM

ਨਵੀਂ ਦਿੱਲੀ— ਜੇਕਰ ਤੁਸੀਂ ਡੋਮੀਨੋਜ਼ ਦਾ ਪਿਜ਼ਾ ਖਾਣਾ ਪਸੰਦ ਕਰਦੇ ਹੋ ਜਾਂ ਉੱਥੇ ਆਪਣੇ ਦੋਸਤਾਂ-ਮਿੱਤਰਾਂ ਨਾਲ ਪਾਰਟੀ ਦਾ ਪ੍ਰੋਗਰਾਮ ਬਣਾਇਆ ਹੈ, ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਦਰਅਸਲ ਰੈਸਟੋਰੈਂਟਾਂ 'ਤੇ ਘਟਾਏ ਗਏ ਜੀ. ਐੱਸ. ਟੀ. ਦਾ ਫਾਇਦਾ ਡੋਮੀਨੋਜ਼ ਨੇ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੁਹਾਨੂੰ ਪਿਜ਼ਾ ਆਰਡਰ ਕਰਨਾ ਪਹਿਲਾਂ ਨਾਲੋਂ ਕਾਫੀ ਸਸਤਾ ਪਵੇਗਾ। ਨਵੇਂ ਜੀ. ਐੱਸ. ਟੀ. ਰੇਟ ਤੋਂ ਬਾਅਦ ਉਸ ਨੇ ਆਪਣੇ ਪਿਜ਼ਾ ਦੇ ਰੇਟ ਘਟਾ ਦਿੱਤੇ ਹਨ। ਬੁੱਧਵਾਰ ਤੋਂ ਡੋਮੀਨੋਜ਼ ਦੇ ਪਿਜ਼ਾ ਦਾ ਨਵਾਂ ਆਰਡਰ ਕਰਨ 'ਤੇ ਤੁਹਾਨੂੰ ਸਿਰਫ 5 ਫੀਸਦੀ ਹੀ ਟੈਕਸ ਦੇਣਾ ਪਵੇਗਾ, ਜੋ ਪਹਿਲਾਂ 18 ਫੀਸਦੀ ਸੀ। ਇਸ ਬਾਰੇ ਡੋਮੀਨੋਜ਼ ਨੇ ਅੱਜ ਐਲਾਨ ਕਰ ਦਿੱਤਾ ਹੈ। ਹੁਣ ਜੇਕਰ ਤੁਸੀਂ 450 ਰੁਪਏ ਵਾਲਾ ਪਿਜ਼ਾ ਆਰਡਰ ਕਰੋਗੇ ਤਾਂ ਤੁਹਾਨੂੰ 58 ਰੁਪਏ ਦੀ ਬਚਤ ਹੋਵੇਗੀ ਕਿਉਂਕਿ ਪਹਿਲਾਂ 18 ਫੀਸਦੀ ਜੀ. ਐੱਸ. ਟੀ. 'ਤੇ ਤੁਹਾਨੂੰ ਇਹ ਪਿਜ਼ਾ 531 ਰੁਪਏ 'ਚ ਪੈਂਦਾ ਸੀ, ਜਦੋਂ ਕਿ ਹੁਣ 5 ਫੀਸਦੀ ਜੀ. ਐੱਸ. ਟੀ. 'ਤੇ ਤੁਹਾਨੂੰ ਇਹ 473 ਰੁਪਏ 'ਚ ਪਵੇਗਾ।ਇਸੇ ਤਰ੍ਹਾਂ ਮੈਕਡੋਨਲਡ, ਕੇ. ਐੱਫ. ਸੀ. ਅਤੇ ਪਿਜ਼ਾ ਹੱਟ 'ਚ ਫਾਸਟ ਫੂਡ ਹੁਣ ਸਸਤੇ ਰੇਟ 'ਤੇ ਮਿਲੇਗਾ।

Domino's

ਪਹਿਲਾ ਰੇਟ ਨਵਾਂ ਰੇਟ
ਡੋਮੀਨੋਜ਼ ਪਿਜ਼ਾ- 450 ਰੁਪਏ ਡੋਮੀਨੋਜ਼ ਪਿਜ਼ਾ- 450 ਰੁਪਏ
ਟੈਕਸ (18 % ਜੀ. ਐੱਸ. ਟੀ.)- 81 ਰੁਪਏ ਟੈਕਸ (5 % ਜੀ. ਐੱਸ. ਟੀ.)- 22.50 ਰੁਪਏ
ਕੁੱਲ ਬਿੱਲ= 531 ਰੁਪਏ ਕੁੱਲ ਬਿੱਲ= 473 ਰੁਪਏ
  ਫਾਇਦਾ- 58 ਰੁਪਏ

ਰੈਸਟੋਰੈਂਟ ਤੇ ਹੋਟਲਾਂ 'ਚ ਖਾਣੇ 'ਤੇ ਹੋਵੇਗਾ ਸਿਰਫ 5 ਫੀਸਦੀ ਟੈਕਸ
ਹਾਲ ਹੀ 'ਚ ਜੀ. ਐੱਸ. ਟੀ. ਪ੍ਰੀਸ਼ਦ ਵੱਲੋਂ ਲਏ ਗਏ ਫੈਸਲੇ ਮੁਤਾਬਕ, ਹੁਣ ਏਸੀ ਅਤੇ ਬਿਨਾਂ ਏਸੀ ਵਾਲੇ ਸਾਰੇ ਰੈਸਟੋਰੈਂਟਾਂ ਅਤੇ ਹੋਟਲਾਂ 'ਤੇ ਸਿਰਫ 5 ਫੀਸਦੀ ਜੀ. ਐੱਸ. ਟੀ. ਲੱਗੇਗਾ, ਯਾਨੀ ਏਸੀ ਅਤੇ ਅਤੇ ਬਿਨਾਂ ਏਸੀ ਵਾਲੇ ਦੋਹਾਂ ਰੈਸਟੋਰੈਂਟ 'ਚ ਖਾਣਾ ਖਾਣ 'ਤੇ ਤੁਹਾਨੂੰ ਸਿਰਫ 5 ਫੀਸਦੀ ਜੀ. ਐੱਸ. ਟੀ. ਹੀ ਦੇਣਾ ਹੋਵੇਗਾ। ਨਵੀਂ ਟੈਕਸ ਦਰ 15 ਨਵੰਬਰ ਤੋਂ ਲਾਗੂ ਹੋ ਗਈ ਹੈ। ਪਹਿਲਾਂ ਏਸੀ ਰੈਸਟੋਰੈਂਟ 'ਚ ਖਾਣਾ ਖਾਣ 'ਤੇ 18 ਫੀਸਦੀ ਅਤੇ ਬਿਨਾਂ ਏਸੀ ਵਾਲੇ ਰੈਸਟੋਰੈਂਟ 'ਚ 12 ਫੀਸਦੀ ਟੈਕਸ ਦੇਣਾ ਪੈਂਦਾ ਸੀ। ਹਾਲਾਂਕਿ ਇਨ੍ਹਾਂ ਰੈਸਟੋਰੈਂਟ ਮਾਲਕਾਂ ਨੂੰ ਹੁਣ ਇਨਪੁਟ ਟੈਕਸ ਕ੍ਰੈਡਿਟ ਦਾ ਫਾਇਦਾ ਨਹੀਂ ਮਿਲੇਗਾ।
ਬੀਤੇ ਸ਼ੁੱਕਰਵਾਰ ਨੂੰ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਸੀ ਕਿ ਜ਼ਿਆਦਾਤਰ ਰੈਸਟੋਰੈਂਟਾਂ ਨੇ 1 ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਕੀਮਤਾਂ ਨੂੰ ਘਟਾ ਕੇ ਗਾਹਕਾਂ ਨੂੰ ਇਨਪੁਟ ਟੈਕਸ ਕ੍ਰੈਡਿਟ ਦੇ ਫਾਇਦੇ ਨਹੀਂ ਦਿੱਤੇ ਸਨ, ਜਿਸ ਕਾਰਨ ਹੁਣ ਸਾਰੇ ਰੈਸਟੋਰੈਂਟਾਂ 'ਤੇ ਇਕੋ-ਜਿਹੀ 5 ਫੀਸਦੀ ਦਰ ਲਾਗੂ ਕੀਤੀ ਜਾ ਰਹੀ ਹੈ ਅਤੇ ਇਸ ਦਰ ਅਧੀਨ ਆਉਣ ਵਾਲੇ ਰੈਸਟੋਰੈਂਟਾਂ ਨੂੰ ਇਨਪੁਟ ਟੈਕਸ ਕ੍ਰੈਡਿਟ ਨਹੀਂ ਮਿਲੇਗਾ। ਇਸ ਦੇ ਇਲਾਵਾ ਸਿਤਾਰਾ ਹੋਟਲਾਂ ਦੇ ਅੰਦਰ ਵਾਲੇ ਰੈਸਟੋਰੈਂਟਾਂ (ਜਿਨ੍ਹਾਂ ਦੇ ਕਮਰੇ ਦਾ ਰੈਂਟ 7,500 ਰੁਪਏ ਤੋਂ ਉਪਰ ਹੈ) 'ਚ 18 ਫੀਸਦੀ ਜੀ. ਐੱਸ. ਟੀ. ਚਾਰਜ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਇਨਪੁਟ ਟੈਕਸ ਕ੍ਰੈਡਿਟ ਦਾ ਵੀ ਲਾਭ ਮਿਲੇਗਾ। ਪਹਿਲਾਂ 5 ਸਿਤਾਰਾ ਹੋਟਲ ਦੇ ਮਾਮਲੇ 'ਚ ਇਹ ਦਰ ਬਹੁਤ ਜ਼ਿਆਦਾ 28 ਫੀਸਦੀ ਸੀ।