ਸੋਨਾ 850 ਰੁਪਏ ਸਸਤਾ, ਚਾਂਦੀ ''ਚ 1250 ਰੁਪਏ ਦੀ ਗਿਰਾਵਟ

12/10/2017 3:31:21 PM

ਨਵੀਂ ਦਿੱਲੀ— ਸੰਸਾਰਕ ਬਾਜ਼ਾਰਾਂ ਵਿੱਚ ਕਮਜ਼ੋਰ ਰੁਖ਼ ਅਤੇ ਘਰੇਲੂ ਹਾਜ਼ਰ ਬਾਜ਼ਾਰ ਵਿੱਚ ਮੰਗ ਘਟਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 29,650 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਚੁੱਕੀ ਹੈ। ਇਹ ਤਿੰਨ ਮਹੀਨੇ ਦੀ ਸਭ ਤੋਂ ਘੱਟ ਕੀਮਤ ਹੈ। ਇਕ ਹਫਤੇ 'ਚ ਸੋਨਾ 850 ਰੁਪਏ ਸਸਤਾ ਹੋ ਚੁੱਕਾ ਹੈ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਸੁਸਤ ਰਹਿਣ ਕਾਰਨ ਚਾਂਦੀ ਦੀ ਕੀਮਤ ਵਿੱਚ ਵੀ ਗਿਰਾਵਟ ਰਹੀ।ਚਾਂਦੀ ਹਫਤੇ ਦੌਰਾਨ 1,250 ਰੁਪਏ ਤਕ ਡਿੱਗ ਚੁੱਕੀ ਹੈ ਅਤੇ ਹਫਤੇ ਦੇ ਆਖਰੀ ਦਿਨ 37,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਅਮਰੀਕੀ ਵਿਆਜ ਦਰ ਵਿੱਚ ਵਾਧੇ ਦੀ ਸੰਭਾਵਨਾ ਅਤੇ ਟੈਕਸ ਸੁਧਾਰਾਂ ਦੀ ਦਿਸ਼ਾ ਵੱਲ ਵਧਣ ਕਾਰਨ ਵਿਦੇਸ਼ਾਂ ਵਿੱਚ ਡਾਲਰ ਮਜ਼ਬੂਤ ਹੋਇਆ ਅਤੇ ਸੁਰੱਖਿਅਤ ਨਿਵੇਸ਼ ਦੇ ਵਿਕਲਪ ਦੇ ਤੌਰ 'ਤੇ ਸਰਾਫਾ ਮੰਗ ਪ੍ਰਭਾਵਿਤ ਹੋਈ, ਜਿਸ ਦੇ ਨਾਲ ਸੋਨੇ ਵਿੱਚ ਮਈ ਦੇ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਆਈ ਹੈ।

ਵਿਦੇਸ਼ਾਂ ਵਿੱਚ ਇਸ ਕਮਜ਼ੋਰੀ ਦੇ ਰੁਖ਼ ਦੇ ਸਮਾਨ ਇੱਥੇ ਕਾਰੋਬਾਰੀ ਧਾਰਨਾ ਵਿੱਚ ਮੰਦੀ ਰਹੀ।ਸੰਸਾਰਕ ਪੱਧਰ 'ਤੇ ਨਿਊਯਾਰਕ ਵਿੱਚ ਸੋਨਾ ਹਫਤੇ ਦੇ ਅਖੀਰ ਵਿੱਚ ਗਿਰਾਵਟ ਦਰਸਾਉਂਦਾ 1,248.20 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਗਿਰਾਵਟ ਦੇ ਨਾਲ 16.82 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।

ਬਾਜ਼ਾਰ ਮਾਹਰਾਂ ਨੇ ਕਿਹਾ ਕਿ ਘਰੇਲੂ ਹਾਜ਼ਰ ਬਾਜ਼ਾਰ ਵਿੱਚ ਗਹਿਣਾ ਵਿਕਰੇਤਾਵਾਂ ਦੀ ਮੰਗ ਡਿੱਗਣ ਨਾਲ ਵੀ ਸਰਾਫਾ ਕੀਮਤਾਂ 'ਤੇ ਦਬਾਅ ਰਿਹਾ।ਰਾਸ਼ਟਰੀ ਰਾਜਧਾਨੀ ਵਿੱਚ 99.9 ਫ਼ੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕਮਜ਼ੋਰ ਸ਼ੁਰੁਆਤ ਹੋਈ।ਦਿਨੋਂ-ਦਿਨ ਦੀ ਲਗਾਤਾਰ ਵਿਕਵਾਲੀ ਦੇ ਬਾਅਦ ਹਫਤੇ ਦੇ ਅਖੀਰ ਵਿੱਚ ਇਹ 850-850 ਰੁਪਏ ਦੀ ਗਿਰਾਵਟ ਨਾਲ 30,000 ਰੁਪਏ ਦੇ ਪੱਧਰ ਤੋਂ ਹੇਠਾਂ ਕ੍ਰਮਵਾਰ : 29,650 ਰੁਪਏ ਅਤੇ 29,500 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਏ। ਇਸੇ ਤਰ੍ਹਾਂ ਗਿੰਨੀ ਦੀ ਕੀਮਤ ਵੀ ਹਫਤੇ ਦੇ ਅਖੀਰ ਵਿੱਚ 300 ਰੁਪਏ ਦੀ ਗਿਰਾਵਟ ਦੇ ਨਾਲ 24,400 ਰੁਪਏ ਪ੍ਰਤੀ ਅੱਠ ਗ੍ਰਾਮ 'ਤੇ ਬੰਦ ਹੋਈ।ਉੱਥੇ ਹੀ ਚਾਂਦੀ ਤਿਆਰ ਦੀ ਕੀਮਤ ਹਫਤੇ ਦੇ ਅਖੀਰ ਵਿੱਚ 1,250 ਰੁਪਏ ਦੀ ਗਿਰਾਵਟ ਦੇ ਨਾਲ 37,900 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚਾਂਦੀ ਹਫਤਾਵਾਰ ਡਿਲੀਵਰੀ ਦੇ ਮੁੱਲ ਵੀ 515 ਰੁਪਏ ਦੀ ਗਿਰਾਵਟ ਦੇ ਨਾਲ 37,065 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।