ਚਾਂਦੀ ਨੇ ਦਿੱਤੀ ਗੁੱਡ ਨਿਊਜ਼, 600 ਰੁਪਏ ਹੋਈ ਸਸਤੀ, ਜਾਣੋ ਸੋਨੇ ਦਾ ਰੇਟ

02/03/2020 3:49:58 PM

ਨਵੀਂ ਦਿੱਲੀ— ਸੋਮਵਾਰ ਨੂੰ ਸੋਨੇ ਦੀ ਕੀਮਤ 42,370 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਸਥਿਰ ਰਹੀ, ਜਦੋਂ ਕਿ ਚਾਂਦੀ ਦੀ ਕੀਮਤ 600 ਰੁਪਏ ਘੱਟ ਕੇ 47,600 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਉੱਥੇ ਸੋਨਾ ਹਾਜ਼ਰ 14.25 ਡਾਲਰ ਟੁੱਟ ਕੇ 1,574.75 ਡਾਲਰ ਪ੍ਰਤੀ ਔਂਸ 'ਤੇ ਰਿਹਾ। ਉੱਥੇ ਹੀ, ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਦੀ ਕੀਮਤ ਵੀ 6.40 ਡਾਲਰ ਦੇ ਗਿਰਾਵਟ ਨਾਲ 1,581.50 ਡਾਲਰ ਪ੍ਰਤੀ ਔਂਸ ਬੋਲੀ ਗਈ।

ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ, ਚੀਨ ਦੇ ਕੇਂਦਰੀ ਬੈਂਕ ਵੱਲੋਂ ਬਾਜ਼ਾਰ 'ਚ ਵਾਧੂ ਤਰਲਤਾ ਪਾਉਣ ਦੇ ਐਲਾਨ ਨਾਲ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਟੁੱਟੀ ਹੈ। ਕੋਰੋਨਾ ਵਾਇਰਸ ਕਾਰਨ ਚੀਨ ਦੇ ਸਟਾਕ ਬਾਜ਼ਾਰਾਂ 'ਚ ਗਿਰਾਵਟ ਸੀ ਤੇ ਬਾਜ਼ਾਰ ਨੂੰ ਸਹਾਰਾ ਦੇਣ ਲਈ ਉੱਥੋਂ ਦੇ ਕੇਂਦਰੀ ਬੈਂਕ ਨੇ ਇਹ ਕਦਮ ਉਠਾਇਆ ਹੈ। ਵਾਇਰਸ ਕਾਰਨ ਟੂਰਿਜ਼ਮ ਸੈਕਟਰ ਨੂੰ ਸਭ ਤੋਂ ਵੱਧ ਮਾਰ ਪੈ ਰਹੀ ਹੈ। ਇਕੁਇਟੀ ਬਾਜ਼ਾਰਾਂ 'ਚ ਕਮਜ਼ੋਰੀ ਹੋਣ ਨਾਲ ਸੋਨੇ ਦੀ ਖਰੀਦਦਾਰੀ ਦਾ ਰੁਖ਼ ਵੱਧ ਰਿਹਾ ਸੀ, ਜਿਸ 'ਤੇ ਅੱਜ ਬ੍ਰੇਕ ਲੱਗ ਗਈ।
ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ ਵੀ 0.24 ਡਾਲਰ ਡਿੱਗ ਕੇ 17.75 ਡਾਲਰ ਪ੍ਰਤੀ ਔਂਸ 'ਤੇ ਆ ਗਈ। ਉੱਥੇ ਹੀ, ਸਥਾਨਕ ਬਾਜ਼ਾਰ 'ਚ ਸੋਨਾ ਭਟੂਰ ਦੀ ਕੀਮਤ 42,200 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ, ਜਦੋਂ ਕਿ 8 ਗ੍ਰਾਮ ਵਾਲੀ ਗਿੰਨੀ 30,900 ਰੁਪਏ 'ਤੇ ਟਿਕੀ ਰਹੀ।