ਸੋਨੇ 'ਚ ਭਾਰੀ ਗਿਰਾਵਟ, ਦਸ ਗ੍ਰਾਮ ਦੀ ਇੰਨੀ ਹੋਈ ਕੀਮਤ, ਚਾਂਦੀ ਵੀ ਟੁੱਟੀ

01/13/2020 3:05:32 PM

ਨਵੀਂ ਦਿੱਲੀ— ਸੋਨੇ ਦੀ ਕੀਮਤ 'ਚ ਵੱਡੀ ਗਿਰਾਵਟ ਦਰਜ ਹੋਈ ਹੈ। ਹਾਲਾਂਕਿ, ਹੁਣ ਵੀ ਇਹ 40 ਹਜ਼ਾਰ ਰੁਪਏ ਤੋਂ ਉਪਰ ਹੈ ਪਰ ਵਿਦੇਸ਼ੀ ਬਾਜ਼ਾਰਾਂ 'ਚ ਕੀਮਤਾਂ ਡਿੱਗਣ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨਾ 600 ਰੁਪਏ ਟੁੱਟ ਕੇ 41,070 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਜਾ ਪੁੱਜਾ।

 

ਉੱਥੇ ਹੀ, ਚਾਂਦੀ ਦੀ ਕੀਮਤ 325 ਰੁਪਏ ਸਸਤੀ ਹੋ ਕੇ 47,700 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਯੂ. ਐੱਸ.-ਈਰਾਨ ਵਿਚਕਾਰ ਤਣਾਤਣੀ ਘਟਣ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੀ ਕੀਮਤ ਨਰਮ ਹੋਈ ਹੈ।

ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ ਦੀ ਕੀਮਤ 10.32 ਡਾਲਰ ਡਿੱਗ ਕੇ 1,551.71 ਡਾਲਰ ਪ੍ਰਤੀ ਔਂਸ 'ਤੇ ਆ ਗਈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 6 ਡਾਲਰ ਦੀ ਗਿਰਾਵਟ ਨਾਲ 1,551.50 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ।

ਇਸ ਤੋਂ ਇਲਾਵਾ ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.13 ਡਾਲਰ ਦੀ ਨਰਮੀ ਨਾਲ 17.96 ਡਾਲਰ ਪ੍ਰਤੀ ਔਂਸ 'ਤੇ ਆ ਗਈ। ਕੁੱਲ ਮਿਲਾ ਕੇ ਵਿਦੇਸ਼ੀ ਬਾਜ਼ਾਰਾਂ 'ਚ ਕੀਮਤਾਂ ਡਿੱਗਣ ਦਾ ਪ੍ਰਭਾਵ ਸਥਾਨਕ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ ਹੈ। ਡਾਲਰ ਦੀ ਤੁਲਨਾ 'ਚ ਭਾਰਤੀ ਕਰੰਸੀ 'ਚ ਦਰਜ ਹੋਈ ਮਜਬੂਤੀ ਨਾਲ ਵੀ ਕੀਮਤੀ ਧਾਤਾਂ ਦੀ ਕੀਮਤ ਨਰਮ ਹੋਈ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਭਟੂਰ ਦੀ ਕੀਮਤ 600 ਰੁਪਏ ਘੱਟ ਕੇ 40,900 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। 8 ਗ੍ਰਾਮ ਵਾਲੀ ਗਿੰਨੀ 200 ਰੁਪਏ ਦੀ ਗਿਰਾਵਟ ਨਾਲ 30,800 ਰੁਪਏ ਦੇ ਮੁੱਲ 'ਤੇ ਬੋਲੀ ਗਈ।