ਤਿੰਨ ਦਿਨਾਂ ਦੌਰਾਨ ਸੋਨੇ ਵਿਚ 470 ਰੁਪਏ ਦਾ ਉਛਾਲ, ਜਾਣੋ ਕੀਮਤਾਂ

10/16/2019 3:08:57 PM

ਨਵੀਂ ਦਿੱਲੀ— ਬੁੱਧਵਾਰ ਨੂੰ ਸੋਨੇ ਦੀ ਕੀਮਤ 'ਚ ਹਲਕੀ ਮਜਬੂਤੀ ਪਰ ਇਸ ਹਫਤੇ ਲਗਾਤਾਰ ਤੀਜੇ ਦਿਨ ਤੇਜ਼ੀ ਦਰਜ ਕੀਤੀ ਗਈ। ਹਾਲਾਂਕਿ, ਚਾਂਦੀ 'ਚ ਗਿਰਾਵਟ ਦੇਖਣ ਨੂੰ ਮਿਲੀ। ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਮਾਮੂਲੀ 40 ਰੁਪਏ ਦੀ ਬੜ੍ਹਤ ਨਾਲ 39,610 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਚਾਂਦੀ ਦੀ ਕੀਮਤ ਅੱਜ 600 ਰੁਪਏ ਡਿੱਗ ਕੇ 46,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

 

ਤਿੰਨ ਕਾਰੋਬਾਰੀ ਦਿਨਾਂ 'ਚ ਸੋਨੇ ਦੀ ਕੀਮਤ 470 ਰੁਪਏ ਵਧੀ ਹੈ। ਬਾਜ਼ਾਰ ਜਾਣਕਾਰਾਂ ਮੁਤਾਬਕ, ਵਿਦੇਸ਼ਾਂ 'ਚ ਰਹੀ ਤੇਜ਼ੀ ਅਤੇ ਜਿਊਲਰਾਂ ਵੱਲੋਂ ਖਰੀਦਦਾਰੀ ਕਾਰਨ ਸੋਨੇ ਦੀ ਕੀਮਤ 'ਚ ਮਜਬੂਤੀ ਦਰਜ ਕੀਤੀ ਗਈ, ਜਦੋਂ ਕਿ ਉਦਯੋਗਿਕ ਮੰਗ ਉਤਰਨ ਨਾਲ ਤੇ ਵਿਦੇਸ਼ਾਂ 'ਚ ਰਹੀ ਗਿਰਾਵਟ ਕਾਰਨ ਚਾਂਦੀ ਸਸਤੀ ਹੋਈ ਹੈ। ਲੰਡਨ ਅਤੇ ਨਿਊਯਾਰਕ ਬਾਜ਼ਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 3.60 ਡਾਲਰ ਚੜ੍ਹ ਕੇ 1,484.45 ਡਾਲਰ ਪ੍ਰਤੀ ਔਂਸ 'ਤੇ ਜਾ ਪੁੱਜਾ। ਬੀਤੇ ਦਿਨ ਇਸ 'ਚ 1 ਫੀਸਦੀ ਦੀ ਗਿਰਾਵਟ ਰਹੀ ਸੀ।

ਦਸੰਬਰ ਡਲਿਵਰੀ ਦੇ ਅਮਰੀਕੀ ਸੋਨਾ ਵਾਇਦਾ ਦੀ ਕੀਮਤ 4.30 ਡਾਲਰ ਦੀ ਮਜਬੂਤੀ ਨਾਲ 1,487.80 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਮਾਹਰਾਂ ਮੁਤਾਬਕ, ਬ੍ਰੈਗਜ਼ਿਟ 'ਤੇ ਦੋ ਦਿਨਾ ਹੋਣ ਵਾਲੀ ਬੈਠਕ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ ਤੇ ਡੀਲ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਉਨ੍ਹਾਂ ਨੇ ਸੋਨੇ ਦੀ ਖਰੀਦਦਾਰੀ ਨੂੰ ਪਹਿਲ ਦਿੱਤੀ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬ੍ਰਿਟੇਨ ਤੇ ਯੂਰਪੀ ਸੰਘ ਵਿਚਕਾਰ ਹੋਣ ਵਾਲੀ ਬੈਠਕ 'ਚ ਇਹ ਨਿਰਧਾਰਤ ਹੋਵੇਗਾ ਕਿ ਬ੍ਰਿਟੇਨ ਬਿਨਾਂ ਕਿਸੇ ਸਮਝੌਤੇ ਦੇ ਈ. ਯੂ. ਛੱਡੇਗਾ ਜਾਂ ਉਨ੍ਹਾਂ ਵਿਚਕਾਰ ਕੋਈ ਸਮਝੌਤਾ ਹੋਵੇਗਾ। ਕੌਮਾਂਤਰੀ ਪੱਧਰ 'ਤੇ ਚਾਂਦੀ ਦੀ ਕੀਮਤ 0.06 ਡਾਲਰ ਟੁੱਟ ਕੇ 17.32 ਡਾਲਰ ਪ੍ਰਤੀ ਔਂਸ 'ਤੇ ਰਹੀ।