ਦਿਵਾਲੀ ਤਕ ਮਹਿੰਗਾ ਹੋ ਸਕਦੈ ਸੋਨਾ, 50 ਹਜ਼ਾਰ ਤੋਂ ਵੱਧ ਦੀ ਖਰੀਦ ''ਤੇ ਦੇਣਾ ਹੋਵੇਗਾ ਸਬੂਤ

09/23/2017 2:09:36 PM

ਨਵੀਂ ਦਿੱਲੀ (ਬਿਊਰੋ)— ਉੱਤਰੀ ਕੋਰੀਆ ਤੇ ਅਮਰੀਕਾ ਵਿਚਕਾਰ ਵੱਧ ਰਹੇ ਤਣਾਅ ਅਤੇ ਭਾਰਤੀ ਕਰੰਸੀ ਕਮਜ਼ੋਰ ਹੋਣ ਨਾਲ ਸੋਨੇ ਦਾ ਇੰਪੋਰਟ ਮਹਿੰਗਾ ਹੋਵੇਗਾ। ਰੁਪਿਆ ਜਿੰਨਾ ਡਿੱਗੇਗਾ, ਵਿਦੇਸ਼ੀ ਨਿਵੇਸ਼ਕਾਂ ਦੀ ਕਮਾਈ ਓਨੀ ਘਟੇਗੀ। ਇਸ ਲਈ ਉਹ ਜ਼ਿਆਦਾ ਵਿਕਵਾਲੀ ਕਰ ਰਹੇ ਹਨ, ਜਿਸ ਕਾਰਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਇਸ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ। ਰੁਪਿਆ ਕਮਜ਼ੋਰ ਹੋਣ ਦੀ ਵਜ੍ਹਾ ਇਹ ਹੈ ਕਿ ਸਰਕਾਰ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ 50,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕਰ ਸਕਦੀ ਹੈ। ਇਸ ਪੈਕੇਜ ਨਾਲ ਸਰਕਾਰ ਦੇ ਖਜ਼ਾਨੇ 'ਤੇ ਬੁਰਾ ਅਸਰ ਪਵੇਗਾ, ਜਿਸ ਨੂੰ ਲੈ ਕੇ ਨਿਵੇਸ਼ਕਾਂ 'ਤੇ ਨਾਂਹ-ਪੱਖੀ ਅਸਰ ਹੋਇਆ। ਉੱਥੇ ਹੀ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਡਾਲਰ ਨੂੰ ਮਜ਼ਬੂਤ ਬਣਾਉਣ ਦੀ ਯੋਜਨਾ ਨਾਲ ਵੀ ਰੁਪਏ 'ਤੇ ਅਸਰ ਹੋਇਆ ਹੈ। ਡਾਲਰ ਮਹਿੰਗਾ ਹੋਣ ਦਾ ਮਤਲਬ ਹੈ ਰੁਪਏ ਦਾ ਕਮਜ਼ੋਰ ਹੋਣਾ। ਸ਼ੁੱਕਰਵਾਰ ਨੂੰ ਰੁਪਿਆ 64.79 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ, ਜਦੋਂ ਕਿ ਸੋਮਵਾਰ ਨੂੰ ਡਾਲਰ ਦੀ ਕੀਮਤ 64.13 ਰੁਪਏ ਸੀ।
ਸੋਨਾ ਹੋ ਸਕਦੈ 31 ਹਜ਼ਾਰ ਤੋਂ ਪਾਰ
ਅਮਰੀਕੀ ਫੈਡਰਲ ਰਿਜ਼ਰਵ ਨੇ ਸਾਫ ਸੰਕੇਤ ਦਿੱਤੇ ਹਨ ਕਿ ਦਸੰਬਰ 'ਚ ਵਿਆਜ ਦਰਾਂ ਵਧਾਈਆਂ ਜਾ ਸਕਦੀਆਂ ਹਨ, ਇਸ ਤੋਂ ਬਾਅਦ ਵੀ ਸੋਨੇ 'ਚ ਜ਼ਿਆਦਾ ਗਿਰਾਵਟ ਨਹੀਂ ਰਹੀ। ਉੱਥੇ ਹੀ, ਅਮਰੀਕਾ ਅਤੇ ਉੱਤਰੀ ਕੋਰੀਆ ਵਿਚਕਾਰ ਤਣਾਅ ਵਧਣ ਨਾਲ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ 350 ਰੁਪਏ ਦੀ ਤੇਜ਼ੀ ਰਹੀ ਅਤੇ 30,850 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਸਰਾਫਾ ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਨੂੰ ਤੇਜ਼ੀ ਦੇਣ ਵਾਲੇ ਕਈ ਫੈਕਟਰ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਸੋਨੇ 'ਚ ਤਿਉਹਾਰੀ ਸੀਜ਼ਨ ਤਕ ਤੇਜ਼ੀ ਬਣੀ ਰਹੇਗੀ। ਦਿਵਾਲੀ ਦੇ ਨੇੜੇ-ਤੇੜੇ ਸੋਨਾ ਹਾਜ਼ਰ ਬਾਜ਼ਾਰ 'ਚ ਪ੍ਰਤੀ 10 ਗ੍ਰਾਮ 31 ਹਜ਼ਾਰ ਤੋਂ ਪਾਰ ਜਾ ਸਕਦਾ ਹੈ। ਮੌਜੂਦਾ ਸਮੇਂ ਅਮਰੀਕਾ ਅਤੇ ਉੱਤਰੀ ਕੋਰੀਆ ਤਣਾਅ ਸੋਨੇ ਦੀਆਂ ਕੀਮਤਾਂ ਨੂੰ ਤੇਜ਼ੀ ਦੇਣ ਵਾਲਾ ਪ੍ਰਮੁੱਖ ਕਾਰਨ ਹੈ। ਅਜਿਹੇ 'ਚ ਭਾਰਤ ਸਮੇਤ ਦੁਨੀਆ ਭਰ ਦੇ ਨਿਵੇਸ਼ਕ ਸੁਰੱਖਿਅਤ ਮੰਨੇ ਜਾਣ ਵਾਲੇ ਨਿਵੇਸ਼ ਦੇ ਤੌਰ 'ਤੇ ਸੋਨੇ 'ਚ ਪੈਸਾ ਲਾ ਰਹੇ ਹਨ। ਮਾਹਰਾਂ ਮੁਤਾਬਕ ਜੇਕਰ ਇਹ ਤਣਾਅ ਬਰਕਰਾਰ ਰਿਹਾ ਤਾਂ ਸੋਨੇ 'ਚ ਨਿਵੇਸ਼ ਹੋਰ ਵੱਧ ਸਕਦਾ ਹੈ, ਜਿਸ ਨਾਲ ਇਹ ਮਹਿੰਗਾ ਹੋਵੇਗਾ।
50 ਹਜ਼ਾਰ ਦੀ ਖਰੀਦ 'ਤੇ ਦੇਣਾ ਹੋਵੇਗਾ ਸਬੂਤ
ਸੋਨੇ ਦੀਆਂ ਕੀਮਤਾਂ ਵਧਣ ਅਤੇ 50,000 ਰੁਪਏ ਤੋਂ ਜ਼ਿਆਦਾ ਮੁੱਲ ਦੀ ਖਰੀਦ 'ਤੇ ਕੇ. ਵਾਈ. ਸੀ. ਨਿਯਮ ਲਾਜ਼ਮੀ ਹੋਣ ਨਾਲ ਸੋਨੇ ਦੀ ਮੰਗ 'ਤੇ ਖਾਸਾ ਅਸਰ ਹੋਇਆ ਹੈ। ਸਰਕਾਰ ਨੇ ਹਾਲ ਹੀ 'ਚ 50 ਹਜ਼ਾਰ ਰੁਪਏ ਤੋਂ ਵੱਧ ਮੁੱਲ ਦਾ ਸੋਨਾ ਖਰੀਦਣ 'ਤੇ ਪੈਨ ਜ਼ਰੂਰੀ ਕੀਤਾ ਹੈ। 50 ਹਜ਼ਾਰ ਰੁਪਏ ਤੋਂ ਉੱਪਰ ਹਰ ਲੈਣ-ਦੇਣ 'ਤੇ ਕੇ. ਵਾਈ. ਸੀ. ਜ਼ਰੂਰੀ ਹੈ। ਇਸ ਤੋਂ ਪਹਿਲਾਂ 2 ਲੱਖ ਰੁਪਏ ਤੋਂ ਵੱਧ ਦੇ ਸੋਨੇ ਦੇ ਗਹਿਣਿਆਂ 'ਤੇ ਪੈਨ ਜ਼ਰੂਰੀ ਸੀ। 50 ਹਜ਼ਾਰ ਰੁਪਏ ਤੋਂ ਉੱਪਰ ਦੀ ਖਰੀਦਦਾਰੀ 'ਤੇ ਪੈਨ ਜ਼ਰੂਰੀ ਕੀਤੇ ਜਾਣ ਨਾਲ ਸੋਨੇ ਦੀ ਮੰਗ 'ਤੇ ਅਸਰ ਹੋ ਰਿਹਾ ਹੈ। ਸਰਾਫਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪੇਂਡੂ ਇਲਾਕਿਆਂ 'ਚ ਪੈਨ ਕਾਰਡ ਧਾਰਕਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਜ਼ਿਆਦਾਤਰ ਮਹਿਲਾਵਾਂ ਆਪਣੀ ਰੋਜ਼ਾਨਾ ਦੀ ਬਚਤ ਨਾਲ ਗਹਿਣੇ ਖਰੀਦਦੀਆਂ ਹਨ ਅਜਿਹੇ 'ਚ 50 ਹਜ਼ਾਰ ਤੋਂ ਵੱਧ ਦੀ ਖਰੀਦਦਾਰੀ 'ਤੇ ਪੈਨ ਜ਼ਰੂਰੀ ਹੋਣ ਨਾਲ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਕੇ. ਵਾਈ. ਸੀ. ਜ਼ਰੂਰੀ ਹੋਣ ਕਾਰਨ ਹੁਣ ਦੁਸਹਿਰਾ ਅਤੇ ਧਨਤੇਰਸ ਵਰਗੇ ਤਿਉਹਾਰੀ ਸੀਜ਼ਨ 'ਤੇ ਵੀ ਗਹਿਣੇ ਵਿਕਰੇਤਾਵਾਂ ਨੂੰ ਕਾਰੋਬਾਰ ਪ੍ਰਭਾਵਿਤ ਹੋਣ ਦਾ ਡਰ ਸਤਾਅ ਰਿਹਾ ਹੈ।