ਸੋਨਾ 30 ਹਜ਼ਾਰ ਤੋਂ ਪਾਰ, ਚਾਂਦੀ ਵੀ ਹੋਈ ਮਹਿੰਗੀ

09/10/2017 3:46:56 PM

ਨਵੀਂ ਦਿੱਲੀ— ਉੱਤਰੀ ਕੋਰੀਆ ਵੱਲੋਂ ਸ਼ਕਤੀਸ਼ਾਲੀ ਪ੍ਰਮਾਣੂ ਪ੍ਰੀਖਣ ਕੀਤੇ ਜਾਣ ਦੇ ਬਾਅਦ ਭੂ-ਰਾਜਨੀਤਕ ਤਣਾਅ ਵਧਣ ਕਾਰਨ ਨਿਵੇਸ਼ਕਾਂ ਵੱਲੋਂ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸਰਾਫਾ ਮੰਗ ਵਧੀ, ਜਿਸ ਨਾਲ ਕੀਮਤੀ ਧਾਤਾਂ ਦੇ ਮੁੱਲ ਚੜ੍ਹ ਗਏ। ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ 'ਚ ਬੀਤੇ ਹਫਤੇ ਸੋਨੇ ਦੀ ਕੀਮਤ 31,000 ਰੁਪਏ ਦੇ ਪੱਧਰ ਨੂੰ ਲੰਘਦੀ ਹੋਈ 31,350 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਹਾਲਾਂਕਿ ਬਾਅਦ 'ਚ ਇਸ 'ਚ ਗਿਰਾਵਟ ਆਈ ਪਰ ਅਖੀਰ ਇਹ 130 ਰੁਪਏ ਵੱਧ ਕੇ 30,530 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਸ ਦੇ ਇਲਾਵਾ ਸਥਾਨ ਗਹਿਣਾ ਮੰਗ ਵਧਣ ਨਾਲ ਵੀ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ। 
ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਆਉਣ ਨਾਲ ਚਾਂਦੀ ਦੀ ਕੀਮਤ ਵੀ 42,000 ਰੁਪਏ ਦੇ ਪੱਧਰ ਨੂੰ ਹਾਸਲ ਕਰਨ 'ਚ ਸਫਲ ਰਹੀ। ਅਮਰੀਕਾ 'ਚ ਉਮੀਦ ਤੋਂ ਕਮਜ਼ੋਰ ਰੁਜ਼ਗਾਰ ਅੰਕੜੇ ਆਉਣ ਅਤੇ ਇਰਮਾ ਤੂਫਾਨ ਦੀ ਚਿਤਾਵਨੀ ਕਾਰਨ ਵਿਦੇਸ਼ਾਂ 'ਚ ਡਾਲਰ 2015 ਤੋਂ ਬਾਅਦ ਸਭ ਤੋਂ ਕਮਜ਼ੋਰ ਪੱਧਰ ਤਕ ਹੇਠਾਂ ਚਲਾ ਗਿਆ, ਜਿਸ ਨਾਲ ਸੋਨੇ ਨੂੰ ਤੇਜ਼ੀ ਮਿਲੀ। ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਹਫਤੇ ਦੇ ਅਖੀਰ 'ਚ ਤੇਜ਼ੀ ਦਰਸਾਉਂਦਾ 1,346 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਤੇਜ਼ੀ ਨਾਲ 17.93 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਏ।