DEC ਤਕ ਸੋਨਾ ਮਹਿੰਗਾ ਹੋਣ ਦਾ ਖਦਸ਼ਾ, 10 ਗ੍ਰਾਮ ਲਈ ਵੀ ਲੈਣਾ ਪੈ ਸਕਦੈ ਲੋਨ!

10/29/2019 3:43:52 PM

ਮੁੰਬਈ—  ਸੋਨਾ ਖਰੀਦਦਾਰਾਂ ਲਈ ਇਹ ਸਾਲ ਮਹਿੰਗਾ ਸਾਬਤ ਹੋਣ ਵਾਲਾ ਹੈ ਤੇ ਦਸੰਬਰ ਤਕ ਇਹ ਇੰਨਾ ਮਹਿੰਗਾ ਹੋਣ ਦਾ ਖਦਸ਼ਾ ਹੈ ਕਿ ਦਸ ਗ੍ਰਾਮ ਲਈ ਸ਼ਾਇਦ ਲੋਨ ਹੀ ਲੈਣਾ ਪੈ ਜਾਵੇ। ਬਾਜ਼ਾਰ ਮਾਹਰਾਂ ਮੁਤਾਬਕ ਭੂ-ਰਾਜਨੀਤਕ ਸੰਕਟ, ਵਿਸ਼ਵ ਭਰ ਦੇ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਲਗਾਤਾਰ ਖਰੀਦਦਾਰੀ ਅਤੇ ਰੁਪਏ 'ਚ ਗਿਰਾਵਟ ਕਾਰਨ ਸੋਨਾ ਇਸ ਸਾਲ ਦੇ ਅੰਤ ਯਾਨੀ ਦਸੰਬਰ ਤਕ 42,000 ਰੁਪਏ ਪ੍ਰਤੀ ਦਸ ਗ੍ਰਾਮ ਤਕ ਪਹੁੰਚ ਸਕਦਾ ਹੈ।

ਫਿਲਹਾਲ ਦੀ ਘੜੀ ਮਲਟੀ ਕਮੋਟਿਡੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ 38,300 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਕਾਮੈਕਸ 'ਤੇ 1,500 ਡਾਲਰ ਦੇ ਨਜ਼ਦੀਕ ਘੁੰਮ ਰਿਹਾ ਹੈ। ਬਾਜ਼ਾਰ ਮਾਹਰਾਂ ਨੂੰ ਖਦਸ਼ਾ ਹੈ ਕਿ ਪੱਛਮੀ ਏਸ਼ੀਆ 'ਚ ਭੂ-ਰਾਜਨੀਤਕ ਸੰਕਟ ਤੇ ਸੈਂਟਰਲ ਬੈਂਕਾਂ ਵੱਲੋਂ ਜਾਰੀ ਖਰੀਦਦਾਰੀ ਕਾਰਨ ਸੋਨਾ ਗਲੋਬਲ ਥੋਕ ਬਾਜ਼ਾਰ 'ਚ 1,650 ਡਾਲਰ ਪ੍ਰਤੀ ਔਂਸ ਅਤੇ ਐੱਮ. ਸੀ. ਐਕਸ. 'ਤੇ 42 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤਕ ਜਾ ਸਕਦਾ ਹੈ।

ਵਪਾਰ ਯੁੱਧ ਦੇ ਮੱਦੇਨਜ਼ਰ ਗਲੋਬਲ ਵਿਕਾਸ ਰਫਤਾਰ ਸੁਸਤ ਹੋਣ ਨਾਲ ਮੰਦੀ ਦੀ ਸੰਭਾਵਨਾ ਵਧਣ ਕਾਰਨ ਇਕੁਇਟੀ ਬਾਜ਼ਾਰਾਂ 'ਚ ਗਿਰਾਵਟ, ਜਦੋਂ ਕਿ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਦੀ ਮੰਗ 'ਚ ਹੁਣ ਤਕ ਕਾਫੀ ਤੇਜ਼ੀ ਦਰਜ ਹੋਈ ਹੈ। ਇਸ ਤੋਂ ਇਲਾਵਾ ਡਾਲਰ ਦੇ ਮੁਕਾਬਲੇ ਰੁਪਏ 'ਚ 1.4 ਫੀਸਦੀ ਦੀ ਕਮਜ਼ੋਰੀ ਕਾਰਨ ਵੀ ਸਥਾਨਕ ਬਾਜ਼ਾਰ 'ਚ ਸੋਨੇ ਦੇ ਮੁੱਲ ਨੂੰ ਸਮਰਥਨ ਮਿਲਿਆ ਹੈ।
ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਪ੍ਰਮੁੱਖ ਅਰਥ-ਵਿਵਸਥਾਵਾਂ 'ਚ ਮੌਜੂਦਾ ਸੁਸਤੀ ਕੇਂਦਰੀ ਬੈਂਕਾਂ ਨੂੰ ਉਦਾਰ ਨੀਤੀ ਬਣਾਈ ਰੱਖਣ ਲਈ ਮਜ਼ਬੂਰ ਕਰ ਸਕਦੀ ਹੈ ਤੇ ਇਸ ਨਾਲ ਸੋਨੇ ਦੇ ਮੁੱਲ ਨੂੰ ਸਮਰਥਨ ਮਿਲ ਸਕਦਾ ਹੈ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਤਾਜ਼ਾ ਅਨੁਮਾਨਾਂ ਮੁਤਾਬਕ, ਗਲੋਬਲ ਅਰਥਵਿਵਸਥਾ ਸਾਲ 2019 'ਚ 3 ਫੀਸਦੀ ਤੇ 2020 'ਚ 3.4 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ, ਜੋ ਅਪ੍ਰੈਲ ਦੇ ਪਿਛਲੇ ਅਨੁਮਾਨ ਨਾਲੋਂ 0.3 ਫੀਸਦੀ ਤੇ 0.2 ਫੀਸਦੀ ਘੱਟ ਹੈ। ਹਾਲਾਂਕਿ ਵਪਾਰ ਯੁੱਧ ਦੀ ਸਥਿਤੀ ਨਰਮ ਹੋਣ ਨਾਲ ਸੋਨੇ ਦੀਆਂ ਕੀਮਤਾਂ 'ਚ ਕੁਝ ਤਕਨੀਕੀ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।