ਸ਼ੇਅਰ ਬਾਜ਼ਾਰ ਤੇ ਡਾਲਰ ਦੇ ਮੂਧੇ ਮੂੰਹ ਡਿੱਗਣ ਕਾਰਨ ਚਮਕਿਆ ਸੋਨਾ ਤੇ ਚਾਂਦੀ

06/28/2017 5:23:41 PM

ਨਵੀਂ ਦਿੱਲੀ— ਵਿਸ਼ਵ ਪੱਧਰ 'ਤੇ ਦੋਹਾਂ ਕੀਮਤੀ ਧਾਤੂਆਂ 'ਚ ਤੇਜ਼ੀ ਅਤੇ ਸਥਾਨਕ ਮੰਗ 'ਚ ਮਜ਼ਬੂਤੀ ਕਾਰਨ ਅੱਜ ਸੋਨਾ 90 ਰੁਪਏ ਚੜ੍ਹ ਕੇ ਦੋ ਹਫਤਿਆਂ ਦੇ ਉੱਚਤਮ ਪੱਧਰ 29,250 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ ਵੀ 200 ਰੁਪਏ ਦੀ ਛਲਾਂਗ ਲਗਾ ਕੇ 15 ਜੂਨ ਤੋਂ ਬਾਅਦ ਦੇ ਉੱਚਤਮ ਪੱਧਰ 39,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਦੋਹਾਂ ਨੂੰ ਕੌਮਾਂਤਰੀ ਬਾਜ਼ਾਰ ਤੋਂ ਸਮਰਥਨ ਮਿਲਿਆ, ਜਿੱਥੇ ਸੋਨਾ ਹਾਜ਼ਰ 3.40 ਡਾਲਰ ਦੀ ਮਜ਼ਬੂਤੀ ਦੇ ਨਾਲ 1,251.50 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ। ਅਗਸਤ ਦਾ ਅਮਰੀਕੀ ਸੋਨਾ ਵਾਅਦਾ ਵੀ 5.9 ਡਾਲਰ ਦੀ ਬੜ੍ਹਤ 'ਚ 1,252.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਅਮਰੀਕੀ ਅਤੇ ਏਸ਼ੀਆਈ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਅਤੇ ਡਾਲਰ ਦੀ ਕਮਜ਼ੋਰੀ ਨਾਲ ਸੋਨੇ 'ਚ ਤੇਜ਼ੀ ਆਈ ਹੈ। ਅਮਰੀਕਾ 'ਚ ਸਿਹਤ ਸੁਧਾਰ ਬਿੱਲ 'ਤੇ ਵੋਟਿੰਗ ਟਾਲ ਦੇਣ ਕਾਰਨ ਡਾਲਰ ਅਤੇ ਸ਼ੇਅਰ ਟੁੱਟੇ ਹਨ। ਆਮ ਤੌਰ 'ਤੇ ਜਦੋਂ ਸ਼ੇਅਰਾਂ 'ਚ ਨਿਵੇਸ਼ਕਾਂ ਦਾ ਵਿਸ਼ਵਾਸ ਡਾਵਾਂਡੋਲ ਹੈ ਤਾਂ ਉਹ ਸੁਰੱਖਿਅਤ ਧਾਤੂ ਮੰਨੇ ਜਾਣ ਵਾਲੇ ਸੋਨੇ 'ਚ ਨਿਵੇਸ਼ ਕਰਦੇ ਹਨ। ਇਸ ਤੋਂ ਇਲਾਵਾ ਡਾਲਰ ਦੇ ਕਮਜ਼ੋਰ ਪੈਣ ਨਾਲ ਹੋਰ ਮੁਦਰਾ ਵਾਲੇ ਦੇਸ਼ਾਂ ਲਈ ਪੀਲੀ ਧਾਤੂ ਦਾ ਦਰਆਮਦ ਸਸਤਾ ਹੋ ਜਾਂਦਾ ਹੈ। ਇਸ ਨਾਲ ਇਸ ਦੀ ਮੰਗ ਵੱਧਦੀ ਅਤੇ ਕੀਮਤਾਂ 'ਚ ਮਜ਼ਬੂਤੀ ਆਉਂਦੀ ਹੈ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਰ ਵੀ 0.13 ਡਾਲਰ ਵਧ ਕੇ 16.77 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।