ਸੋਨਾ 34,300 ਤੋਂ ਪਾਰ, ਇਸ ਕਾਰਨ ਜਲਦ ਹੋ ਸਕਦੈ 35 ਹਜ਼ਾਰੀ

06/22/2019 3:52:39 PM

ਨਵੀਂ ਦਿੱਲੀ— ਸ਼ਨੀਵਾਰ ਵੀ ਸੋਨੇ 'ਚ ਤੇਜ਼ੀ ਦਾ ਰੁਖ਼ ਰਿਹਾ। ਸਰਾਫਾ ਬਾਜ਼ਾਰ 'ਚ ਸੋਨਾ ਅੱਜ 70 ਰੁਪਏ ਮਹਿੰਗਾ ਹੋ ਕੇ 34,370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪੁੱਜ ਚੁੱਕਾ ਹੈ, ਜਦੋਂ ਕਿ ਚਾਂਦੀ ਦੀ ਕੀਮਤ 100 ਰੁਪਏ ਘੱਟ ਕੇ 39,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਗਈ।

 

ਈਰਾਨ ਤੇ ਅਮਰੀਕਾ ਵੱਲੋਂ ਇਕ-ਦੂਜੇ 'ਤੇ ਹਮਲੇ ਕਰਨ ਦੀ ਚਿਤਾਵਨੀ ਨਾਲ ਕੌਮਾਂਤਰੀ ਬਾਜ਼ਾਰਾਂ 'ਚ ਕੀਮਤੀ ਧਾਤਾਂ ਦੀ ਸੁਰੱਖਿਅਤ ਨਿਵੇਸ਼ ਵਜੋਂ ਮੰਗ ਵਧੀ ਹੈ, ਜਿਸ ਕਾਰਨ ਸੋਨਾ ਤੇਜ਼ੀ ਨਾਲ ਉਛਲ ਰਿਹਾ ਹੈ। 
ਇਸ ਕਾਰਨ ਸੋਨੇ ਦੀ ਕੀਮਤ ਪਿਛਲੇ ਦਿਨੀਂ ਕਾਰੋਬਾਰ ਦੌਰਾਨ ਪਹਿਲੀ ਵਾਰ 4 ਸਤੰਬਰ 2013 ਮਗਰੋਂ ਵਿਦੇਸ਼ੀ ਬਾਜ਼ਾਰਾਂ 'ਚ 1410.78 ਡਾਲਰ ਪ੍ਰਤੀ ਔਂਸ ਤਕ ਪੁੱਜ ਗਈ ਸੀ। ਹਾਲਾਂਕਿ ਫਿਰ ਇਸ 'ਚ ਥੋੜ੍ਹੀ ਨਰਮੀ ਦੇਖਣ ਨੂੰ ਮਿਲੀ। ਹਫਤਾ ਖਤਮ ਹੋਣ ਵਾਲੇ ਦਿਨ ਸੋਨਾ ਹਾਜ਼ਰ ਦੀ ਕੀਮਤ 1398.65 ਡਾਲਰ ਪ੍ਰਤੀ ਔਂਸ 'ਤੇ ਰਹੀ। ਚਾਂਦੀ 'ਚ ਵੀ ਜ਼ਬਰਦਸਤ ਤੇਜ਼ੀ ਦੇਖੀ ਗਈ ਸੀ ਪਰ ਅਖੀਰ ਇਹ 15.33 ਡਾਲਰ ਪ੍ਰਤੀ ਔਂਸ 'ਤੇ ਆ ਗਈ। ਬਾਜ਼ਾਰ ਮਾਹਰਾਂ ਮੁਤਾਬਕ, ਗਲੋਬਲ ਵਪਾਰ ਯੁੱਧ, ਈਰਾਨ ਤੇ ਅਮਰੀਕਾ 'ਚ ਇਕ-ਦੂਜੇ ਨੂੰ ਲੈ ਕੇ ਸਖਤ ਤੱਲਖਬਾਜ਼ੀ ਕਾਰਨ ਨਿਵੇਸ਼ਕਾਂ ਦਾ ਰੁਖ਼ ਸੋਨੇ ਵੱਲ ਜਾਰੀ ਰਹਿ ਸਕਦਾ ਹੈ, ਜਿਸ ਕਾਰਨ ਇਸ ਦੀ ਕੀਮਤ ਹੋਰ ਵਧ ਸਕਦੀ ਹੈ। ਬਾਜ਼ਾਰ ਨੂੰ ਖਦਸ਼ਾ ਹੈ ਕਿ ਇਸ ਕਾਰਨ ਸੋਨਾ ਜਲਦ ਹੀ 35,000 ਰੁਪਏ ਪ੍ਰਤੀ ਦਸ ਗ੍ਰਾਮ ਦਾ ਪੱਧਰ ਛੂਹ ਸਕਦਾ ਹੈ।