ਸੋਨੇ ਦੀ ਕੀਮਤ 'ਚ ਬੜ੍ਹਤ, ਚਾਂਦੀ ਵੀ 130 ਰੁਪਏ ਹੋਈ ਮਹਿੰਗੀ

06/19/2019 3:45:19 PM

ਨਵੀਂ ਦਿੱਲੀ— ਬੁੱਧਵਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦਰਜ ਕੀਤੀ ਗਈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 20 ਰੁਪਏ ਵਧ ਕੇ 33,740 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਉੱਥੇ ਹੀ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਨਿਕਲਣ ਨਾਲ ਚਾਂਦੀ ਵੀ 130 ਰੁਪਏ ਦੀ ਛਲਾਂਗ ਲਾ ਕੇ 38,350 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਉੱਥੇ ਸੋਨੇ ਦੀ ਕੀਮਤ 0.31 ਫੀਸਦੀ ਡਿੱਗ ਕੇ 1,341.87 ਡਾਲਰ ਪ੍ਰਤੀ ਔਂਸ 'ਤੇ ਰਹੀ। ਇਸ ਦੇ ਇਲਾਵਾ ਅਗਸਤ ਦਾ ਅਮਰੀਕੀ ਸੋਨਾ ਵਾਇਦਾ 1,336.60 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਿਹਾ। ਵਿਦੇਸ਼ੀ ਬਾਜ਼ਾਰ 'ਚ ਚਾਂਦੀ ਹਾਜ਼ਰ 0.48 ਫੀਸਦੀ ਡਿੱਗ ਕੇ 14.93 ਡਾਲਰ ਪ੍ਰਤੀ ਔਂਸ 'ਤੇ ਰਹੀ।

ਬਾਜ਼ਾਰ ਮਾਹਰਾਂ ਮੁਤਾਬਕ, ਜਿਊਲਰਾਂ ਦੀ ਖਰੀਦਦਾਰੀ ਵਧਣ ਤੇ ਡਾਲਰ ਮਹਿੰਗਾ ਹੋਣ ਕਾਰਨ ਘਰੇਲੂ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਗਈ। ਬਾਜ਼ਾਰ ਦੀ ਨਜ਼ਰ ਫੈਡਰਲ ਰਿਜ਼ਰਵ ਦੀ ਮੀਟਿੰਗ 'ਤੇ ਹੈ, ਜੋ ਬੁੱਧਵਾਰ ਨੂੰ ਪਾਲਿਸੀ ਜਾਰੀ ਕਰਨ ਜਾ ਰਿਹਾ ਹੈ। ਗਲੋਬਲ ਅਰਥਵਿਵਸਥਾ 'ਚ ਸੁਸਤੀ ਨੂੰ ਦੇਖਦੇ ਹੋਏ ਨਿਵੇਸ਼ਕਾਂ ਨੂੰ ਉਮੀਦ ਹੈ ਕਿ ਫੈਡਰਲ ਰਿਜ਼ਰਵ ਭਵਿੱਖ 'ਚ ਦਰਾਂ 'ਚ ਕਟੌਤੀ ਦਾ ਸੰਕੇਤ ਦੇ ਸਕਦਾ ਹੈ। ਉੱਥੇ ਹੀ, ਚੀਨ ਤੇ ਅਮਰੀਕਾ ਵਿਚਕਾਰ ਵਪਾਰ ਵਾਰਤਾ ਸ਼ੁਰੂ ਹੋਣ ਦੀ ਵੀ ਸੰਭਾਵਨਾ ਹੈ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਜੀ-20 ਸੰਮੇਲਨ 'ਚ ਵਿਸਥਾਰਪੂਰਵਕ ਮੀਟਿੰਗ ਕਰਨਗੇ ਤੇ ਉਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੀ ਟੀਮ ਵਿਚਕਾਰ ਵਾਰਤਾ ਸ਼ੁਰੂ ਹੋ ਜਾਵੇਗੀ।