GoAir ਨੂੰ ਮਹਿੰਗੀ ਪਈ ਇਹ ਗਲਤੀ, ਹੁਣ ਰੱਦ ਕਰ ਰਹੀ ਕਈ ਉਡਾਣਾਂ!

12/24/2019 11:39:30 AM

ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਪਾਇਲਟਾਂ ਅਤੇ ਕੈਬਿਨ ਕਰੂ ਕੋਲੋਂ ਨਿਰਧਾਰਤ ਸਮੇਂ ਤੋਂ ਜ਼ਿਆਦਾ ਕੰਮ ਕਰਵਾਉਣ ਦੇ ਮਾਮਲੇ 'ਚ ਗੋਏਅਰ ਨੂੰ ਫਟਕਾਰ ਲਗਾਈ ਹੈ। ਰਿਪੋਰਟਾਂ ਮੁਤਾਬਕ, ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਕਿ ਕੰਪਨੀ ਥੱਕੇ ਹੋਏ ਪਾਇਲਟਾਂ ਤੋਂ ਜਹਾਜ਼ ਉਡਾ ਰਹੀ ਹੈ। ਕੰਪਨੀ ਨੂੰ ਗੜਬੜੀ ਦੂਰ ਕਰਨ ਦੇ ਹੁਕਮ ਦਿੱਤੇ ਗਏ ਹਨ। ਕੰਪਨੀ ਨੇ ਫਲਾਈਟ ਡਿਊਟੀ ਟਾਈਮ ਲਿਮੀਟੇਸ਼ਨ (ਐੱਫ. ਡੀ. ਟੀ. ਐੱਲ.) ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

 


ਪਿਛਲੇ ਹਫਤੇ ਭਰ ਤੋਂ ਇਹ ਹਵਾਈ ਜਹਾਜ਼ ਕੰਪਨੀ ਫਲਾਇਟਾਂ ਰੱਦ ਕਰ ਰਹੀ ਹੈ। ਸੋਮਵਾਰ ਨੂੰ ਵੀ ਪਾਇਲਟਾਂ ਦੇ ਉਪਲੱਬਧ ਨਾ ਹੋਣ ਕਾਰਨ ਉਸ ਨੇ 18 ਘਰੇਲੂ ਫਲਾਈਟਾਂ ਨੂੰ ਰੱਦ ਕੀਤਾ ਸੀ। ਐੱਫ. ਡੀ. ਟੀ. ਐੱਲ. ਨਿਯਮਾਂ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਪਾਇਲਟ ਥਕਾਵਟ ਦੇ ਸ਼ਿਕਾਰ ਨਾ ਹੋਣ ਤੇ ਫਲਾਈਟਸ ਸੁਰੱਖਿਅਤ ਰਹਿਣ। ਉੱਥੇ ਹੀ, ਖਬਰਾਂ ਹਨ ਕਿ ਗੋਏਅਰ ਨੇ ਮੰਗਲਵਾਰ ਨੂੰ ਵੀ 19 ਫਲਾਈਟਸ ਨੂੰ ਰੱਦ ਕੀਤਾ ਹੈ, ਜਿਨ੍ਹਾਂ 'ਚ ਮੁੰਬਈ-ਕੋਚੀ, ਮੁੰਬਈ-ਬੇਂਗਲੁਰੂ, ਨਵੀਂ ਦਿੱਲੀ-ਨਾਗਪੁਰ, ਨਵੀਂ ਦਿੱਲੀ-ਲਖਨਊ, ਬੇਂਗਲੁਰੂ-ਅਹਿਮਦਾਬਾਦ, ਬੇਂਗਲੁਰੂ-ਪਟਨਾ, ਨਵੀਂ ਦਿੱਲੀ-ਸ਼੍ਰੀਨਗਰ, ਦਿੱਲੀ-ਪਟਨਾ, ਦਿੱਲੀ-ਰਾਂਚੀ ਤੇ ਪਟਨਾ ਰਾਂਚੀ ਮਾਰਗ ਸ਼ਾਮਲ ਹਨ। ਹਾਲਾਂਕਿ, ਕੰਪਨੀ ਨੇ ਇਸ 'ਤੇ ਬਿਆਨ ਜਾਰੀ ਨਹੀਂ ਕੀਤਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਐੱਫ. ਡੀ. ਟੀ. ਐੱਲ. ਨਿਯਮਾਂ ਦੀ ਉਲੰਘਣਾ ਗੰਭੀਰ ਮਾਮਲਾ ਹੈ। ਇਹ ਨਿਯਮ ਇਸ ਲਈ ਬਣਾਏ ਗਏ ਹਨ ਕਿ ਪਾਇਲਟ ਥਕਾਵਟ ਦੇ ਸ਼ਿਕਾਰ ਨਾ ਹੋਣ ਤੇ ਸੁਰੱਖਿਆ ਨੂੰ ਖਤਰਾ ਨਾ ਹੋਵੇ। ਥੱਕਿਆ ਹੋਇਆ ਪਾਇਲਟ ਠੀਕ ਨਾਲ ਫਲਾਈਟ ਨਹੀਂ ਸੰਭਾਲ ਸਕਦਾ। ਐੱਫ. ਡੀ. ਟੀ. ਐੱਲ. 'ਚ ਇਹ ਦੱਸਿਆ ਗਿਆ ਹੈ ਕਿ ਇਕ ਹਫਤੇ ਜਾਂ ਇਕ ਮਹੀਨੇ 'ਚ ਕਿੰਨੇ ਵੱਧ ਤੋਂ ਵੱਧ ਘੰਟਿਆਂ ਤਕ ਪਾਇਲਟ ਜਹਾਜ਼ ਉਡਾ ਸਕਦਾ ਹੈ। ਇੰਡਸਟਰੀ ਦੇ ਅਨੁਮਾਨਾਂ ਮੁਤਾਬਕ, ਭਾਰਤ 'ਚ ਪਾਇਲਟਾਂ ਦੀ ਕਮੀ ਹੈ। ਫਿਲਹਾਲ ਭਾਰਤ 'ਚ ਤਕਰੀਬਨ 8,000 ਪਾਇਲਟ ਹਨ ਅਤੇ ਅਗਲੇ 10 ਸਾਲਾਂ 'ਚ ਤਕਰੀਬਨ 17,000 ਹੋਰ ਪਾਇਲਟਾਂ ਦੀ ਜ਼ਰੂਰਤ ਹੋਵੇਗੀ।