GoAir ਅਤੇ SpiceJet ਦੇ ਜਹਾਜ਼ਾਂ ''ਚ ਆਈ ਖਰਾਬੀ, ਯਾਤਰੀਆਂ ਨੇ ਕੀਤਾ ਹੰਗਾਮਾ

12/03/2019 5:56:27 PM

ਬਿਜ਼ਨੈੱਸ ਡੈਸਕ — ਪਟਨਾ ਹਵਾਈ ਅੱਡੇ 'ਤੇ ਵੱਖ-ਵੱਖ ਕਾਰਨਾਂ ਕਰਕੇ ਤਿੰਨ ਫਲਾਈਟਾਂ ਦੀ ਲੇਟਲਤੀਫੀ ਕਾਰਨ ਲਗਭਗ ਇਕ ਹਜ਼ਾਰ ਯਾਤਰੀਆਂ ਦੀ ਹਵਾਈ ਯਾਤਰਾ ਪਰੇਸ਼ਾਨੀ ਭਰੀ ਰਹੀ। ਗੋ ਏਅਰ ਦੇ ਮੁੰਬਈ ਅਤੇ ਹੈਦਰਾਬਾਦ ਤੋਂ ਪਟਨਾ ਆਉਣ-ਜਾਣ ਵਾਲੇ ਯਾਤਰੀਆਂ ਨੂੰ 5-5 ਘੰਟਿਆਂ ਦਾ ਇੰਤਜ਼ਾਰ ਕਰਨਾ ਪਿਆ ਅਤੇ ਸਪਾਈਸਜੈੱਟ ਦੇ ਜਹਾਜ਼ ਦੀ ਤਕਨੀਕੀ ਖਰਾਬੀ ਕਾਰਨ ਯਾਤਰੀ 6 ਘੰਟੇ ਪਟਨਾ ਹਵਾਈ ਅੱਡੇ 'ਤੇ ਫਸੇ ਰਹੇ।

ਸਪਾਈਸਜੈੱਟ ਦੇ ਮੁੰਬਈ ਜਾਣ ਵਾਲੇ ਜਹਾਜ਼ 'ਚ ਤਕਨੀਕੀ ਖਰਾਬੀ ਆ ਜਾਣ ਕਾਰਨ ਇਸ ਨੂੰ ਗ੍ਰਾਉਂਡਿਡ ਕਰਨਾ ਪਿਆ। ਦੂਜੇ ਜਹਾਜ਼ ਦੇ ਆਉਣ ਦੇ ਇੰਤਜ਼ਾਰ ਵਿਚ ਯਾਤਰੀਆਂ ਦਾ ਸਬਰ ਟੁੱਟਿਆ ਅਤੇ ਯਾਤਰੀਆਂ ਨੇ ਭਾਰੀ ਹੰਗਾਮਾ ਕੀਤਾ। 6 ਘੰਟੇ ਦੇ ਇੰਤਜ਼ਾਰ ਦੇ ਬਾਅਦ ਯਾਤਰੀਆਂ ਨੂੰ ਸਪੈਸ਼ਨ ਜਹਾਜ਼ 'ਤੇ ਮੁੰਬਈ ਭੇਜਿਆ ਗਿਆ। ਯਾਤਰੀਆਂ ਨੇ ਏਅਰਲਾਈਂਸ 'ਤੇ ਸਮੇਂ 'ਤੇ ਸਹੀ ਸੂਚਨਾ ਨਹੀਂ ਦੇਣ ਦਾ ਦੋਸ਼ ਲਗਾਇਆ ਹੈ ਜਦੋਂਕਿ ਜਹਾਜ਼ ਕੰਪਨੀ ਦੇ ਸੂਤਰਾਂ ਨੇ ਦੱਸਿਆ ਕਿ ਜਹਾਜ਼ ਦੇ ਯਾਤਰੀਆਂ ਦੀ ਬੋਰਡਿੰਗ ਸਮੇਂ 'ਤੇ ਹੋਈ ਸੀ ਪਰ ਪਾਇਲਟ ਨੂੰ ਤਕਨੀਕੀ ਸਮੱਸਿਆ ਦਿਖੀ। ਇਸ ਤੋਂ ਬਾਅਦ ਰਨ-ਵੇ ਵੱਲ ਜਾ ਰਹੇ ਜਹਾਜ਼ ਨੂੰ ਪਾਰਕਿੰਗ ਵੱਲ ਪਰਤਣਾ ਪਿਆ। ਉਸ ਤੋਂ ਬਾਅਦ ਉਸਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ। ਬਾਅਦ ਵਿਚ ਜਹਾਜ਼ ਨੂੰ ਗ੍ਰਾਊਂਡਿਡ ਕਰਨਾ ਪਿਆ। ਕੰਪਨੀ ਨੇ ਯਾਤਰੀਆਂ ਨੂੰ ਭੋਜਨ ਅਤੇ ਪਾਣੀ ਉਪਲੱਬਧ ਕਰਵਾਉਣ ਦਾ ਦਾਅਵਾ ਕੀਤਾ ਹੈ।

ਦੂਜੇ ਪਾਸੇ ਗੋ ਏਅਰ ਦੀ ਮੁੰਬਈ ਤੋਂ ਪਟਨਾ ਆਉਣ ਵਾਲੀ ਫਲਾਈਟ ਸੰਖਿਆ 585 'ਚ ਮੁੰਬਈ ਏਅਰਪੋਰਟ 'ਤੇ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਵਾਪਸੀ 'ਚ ਇਹ ਫਲਾਈਟ 5 ਘੰਟੇ ਲੇਟ ਹੋਈ। ਦਿਨ ਦੇ 2.10 ਵਜੇ ਪਟਨਾ ਤੋਂ ਜਾਣ ਵਾਲਾ ਜਹਾਜ਼ ਜੀ8-586 ਸ਼ਾਮ 7 ਵਜੇ ਏਅਰਪੋਰਟ ਤੋਂ ਰਵਾਨਾ ਹੋਇਆ । ਯਾਤਰੀਆਂ ਨੂੰ ਸੂਚਨਾ ਮਿਲ ਗਈ ਸੀ। ਹਾਲਾਂਕਿ ਜਿਹੜੇ ਯਾਤਰੀਆਂ ਨੂੰ ਸੂਚਨਾ ਨਹੀਂ ਮਿਲੀ ਸੀ ਉਨ੍ਹਾਂ ਨੇ ਲੰਮੇ ਇੰਤਜ਼ਾਰ ਕਾਰਨ ਹੰਗਾਮਾ ਕੀਤਾ।

ਗੋ ਏਅਰ ਦੀ ਇਕ ਹੋਰ ਫਲਾਈਟ 5 ਘੰਟੇ ਲੇਟ

ਦੂਜੇ ਪਾਸੇ ਗੋ-ਏਅਰ ਦੀ ਹੈਦਰਾਬਾਦ-ਪਟਨਾ ਫਲਾਈਟ ਵੀ ਸਾਢੇ ਚਾਰ ਘੰਟੇ ਲੇਟ ਹੋ ਗਈ। ਇਸ ਕਾਰਨ ਪਟਨਾ ਤੋਂ ਹੈਦਰਾਬਾਦ ਜਾਣ ਵਾਲੀ ਇਹ ਫਲਾਈਟ ਸ਼ਾਮ ਸਾਢੇ 6 ਵਜੇ ਦੇ ਬਦਲੇ ਰਾਤ 11.30 ਵਜੇ ਰਵਾਨਾ ਹੋਈ। ਜਹਾਜ਼ ਦਾ ਇੰਤਜ਼ਾਰ ਕਰ ਰਹੇ ਯਾਤਰੀਆਂ 'ਚ ਨਰਾਜ਼ਗੀ ਦਿਖੀ। ਦਰਅਸਲ ਜਹਾਜ਼ ਦੀ ਕਨੈਕਟਿਵਿਟੀ ਕਈ ਰੂਟਾਂ 'ਤੇ ਹੈ। ਅਜਿਹੇ 'ਚ ਇਕ ਰੂਟ ਲੇਟ ਹੋਣ ਕਾਰਨ ਕ੍ਰਮਵਾਰ ਇਹ ਫਲਾਈਟ 5 ਘੰਟੇ ਤੱਕ ਲੇਟ ਹੋ ਗਈ।