ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਥਾਈਲੈਂਡ 'ਚ ਬਿਜ਼ਨੈੱਸ ਬੰਦ ਕਰੇਗੀ GM

02/17/2020 2:58:18 PM

ਨਿਊਯਾਰਕ— ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਥਾਈਲੈਂਡ 'ਚ ਜਨਰਲ ਮੋਟਰਜ਼ (ਜੀ. ਐੱਮ.) ਕਾਰੋਬਾਰ ਬੰਦ ਕਰਨ ਜਾ ਰਹੀ ਹੈ, ਜਿਸ ਨਾਲ ਹਜ਼ਾਰਾਂ ਦੀ ਨੌਕਰੀ 'ਤੇ ਖਤਰਾ ਮੰਡਰਾ ਸਕਦਾ ਹੈ। ਜਨਰਲ ਮੋਟਰਜ਼ ਦਾ ਕਹਿਣਾ ਹੈ ਕਿ ਕੰਪਨੀ ਨੇ ਇਹ ਫੈਸਲਾ ਉਨ੍ਹਾਂ ਬਜ਼ਾਰਾਂ 'ਚੋਂ ਬਾਹਰ ਨਿਕਲਣ ਦੀ ਰਣਨੀਤੀ ਤਹਿਤ ਕੀਤਾ ਹੈ ਜਿੱਥੇ ਨਿਵੇਸ਼ 'ਤੇ ਰਿਟਰਨ ਬਹੁਤ ਘੱਟ ਮਿਲ ਰਿਹਾ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਹ 2021 'ਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਆਪਣੇ ਇਤਿਹਾਸਕ ਹੋਲਡਨ ਬ੍ਰਾਂਡ ਲਈ ਵਿਕਰੀ, ਇੰਜੀਨੀਅਰਿੰਗ ਤੇ ਡਿਜ਼ਾਈਨ ਕਾਰਜ ਨੂੰ ਬੰਦ ਕਰ ਦੇਵੇਗੀ। ਇਸ ਤੋਂ ਇਲਾਵਾ ਉਹ ਥਾਈਲੈਂਡ 'ਚ ਆਪਣੀ ਰੇਯੋਂਗ ਫੈਕਟਰੀ ਨੂੰ ਚੀਨ ਦੀ ਗ੍ਰੇਟ ਵਾਲ ਮੋਟਰਜ਼ ਨੂੰ ਵੇਚਣ ਤੇ ਇਸ ਸਾਲ ਦੇ ਅੰਤ ਤੱਕ ਸ਼ੈਵਰਲੇਟ ਬ੍ਰਾਂਡ ਨੂੰ ਥਾਈਲੈਂਡ ਤੋਂ ਵਾਪਸ ਲੈਣ ਦੀ ਯੋਜਨਾ ਬਣਾ ਰਹੀ ਹੈ।

 

ਕੰਪਨੀ ਨੇ ਕਿਹਾ ਕਿ ਜੀ. ਐੱਮ. ਦੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ 828 ਤੇ ਥਾਈਲੈਂਡ 'ਚ 1,500 ਕਰਮਚਾਰੀ ਹਨ। ਸੀ. ਈ. ਓ. ਮੈਰੀ ਦਾ ਕਹਿਣਾ ਹੈ ਕਿ ਕੰਪਨੀ ਉਨ੍ਹਾਂ ਬਜ਼ਾਰਾਂ 'ਤੇ ਫੋਕਸ ਕਰਨਾ ਚਾਹੁੰਦੀ ਹੈ ਜਿੱਥੇ ਉਹ ਜ਼ਬਰਦਸਤ ਵਾਪਸੀ ਕਰ ਸਕੇ।
ਹਾਲਾਂਕਿ, ਕੰਪਨੀ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਬਾਜ਼ਾਰਾਂ 'ਚ ਗਾਹਕਾਂ ਨੂੰ ਵਾਰੰਟੀ, ਸਰਵਿਸ ਤੇ ਪਾਰਟਸ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਵੇਗੀ। ਜੀ. ਐੱਮ. ਦਾ ਆਸਟ੍ਰੇਲੀਆ 'ਚ ਹੋਲਡਨ ਬ੍ਰਾਂਡ ਨਾਲ ਇਕ ਲੰਮਾ ਇਤਿਹਾਸ ਹੈ, ਜਿੱਥੇ ਕਾਰਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਰਿਹਾ ਹੈ ਅਤੇ ਯੂ. ਐੱਸ. ਤੇ ਹੋਰ ਬਾਜ਼ਾਰਾਂ 'ਚ ਵਿਕਰੀ ਕੀਤੀ ਜਾਂਦੀ ਰਹੀ ਹੈ ਪਰ ਜੀ. ਐੱਮ. ਨੇ ਕਿਹਾ ਕਿ ਹੋਲਡਨ ਦੀ ਬਾਜ਼ਾਰ ਹਿੱਸੇਦਾਰੀ ਜੋ ਕਿ ਸਾਲ 2002 'ਚ ਲਗਭਗ 22 ਫੀਸਦੀ ਸੀ, ਪਿਛਲੇ ਸਾਲ ਘੱਟ ਕੇ ਸਿਰਫ 4 ਫੀਸਦੀ ਰਹਿ ਗਈ।