ਗਲੋਬਲ ਟਰੇਡ ਵਾਰ ਦਾ ਅਸਰ, ਭਾਰਤ ''ਚ ਸਟੀਲ ਦੇ ਡਿੱਗੇ ਰੇਟ

07/13/2018 3:56:36 PM

ਮੁੰਬਈ—  ਗਲੋਬਲ ਟਰੇਡ ਵਾਰ ਕਾਰਨ ਭਾਰਤ 'ਚ ਸਟੀਲ ਸਸਤਾ ਹੋ ਗਿਆ ਹੈ। ਟੀ. ਐੱਮ. ਟੀ. ਬਾਰਸ, ਬਿਲਟਸ ਅਤੇ ਇੰਗਟਸ ਪਿਛਲੇ 15 ਦਿਨਾਂ 'ਚ ਤਕਰੀਬਨ 4,000-4,500 ਰੁਪਏ ਪ੍ਰਤੀ ਟਨ ਤਕ ਸਸਤੇ ਹੋ ਗਏ ਹਨ। ਇੰਡਸਟਰੀ ਸੂਤਰਾਂ ਮੁਤਾਬਕ ਅਗਸਤ ਅਤੇ ਸਤੰਬਰ ਤਕ ਇਨ੍ਹਾਂ ਦੀ ਕੀਮਤ 'ਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਇਨ੍ਹਾਂ ਦੀ ਮੰਗ 'ਚ ਕੋਈ ਗਿਰਾਵਟ ਨਹੀਂ ਹੈ ਪਰ ਟਰੇਡ ਵਾਰ ਕਾਰਨ ਇੰਡਸਟਰੀ ਨੂੰ ਕੀਮਤਾਂ 'ਤੇ ਦਬਾਅ ਝੱਲਣਾ ਪੈ ਰਿਹਾ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਗਲੋਬਲ ਟਰੇਡ ਵਾਰ ਕਾਰਨ ਭਾਰਤੀ ਸਟੀਲ ਦੀ ਬਰਾਮਦ ਕਾਫੀ ਘੱਟ ਗਈ ਹੈ, ਨਤੀਜੇ ਵਜੋਂ ਭਾਰਤ 'ਚ ਇਸ ਦੀ ਸਪਲਾਈ ਵਧ ਰਹੀ ਹੈ। ਇੰਡਸਟਰੀ ਦੀ ਮੰਗ ਹੈ ਕਿ ਭਾਰਤ ਨੂੰ ਵੀ ਹੋਰ ਦੇਸ਼ਾਂ ਵਾਂਗ ਸਟੀਲ ਦੇ ਇੰਪੋਰਟ 'ਤੇ ਡਿਊਟੀ ਵਧਾਉਣੀ ਚਾਹੀਦੀ ਹੈ।

ਸਟੀਲ ਮਿੰਟ ਮੁਤਾਬਕ, 25 ਜੂਨ ਨੂੰ ਮੁੰਬਈ 'ਚ ਟੀ. ਐੱਮ. ਟੀ. ਦੀਆਂ ਕੀਮਤਾਂ 40,200 ਰੁਪਏ ਪ੍ਰਤੀ ਟਨ ਸਨ, ਜੋ ਕਿ 11 ਜੁਲਾਈ ਤਕ ਘੱਟ ਕੇ 37,000 ਰੁਪਏ ਪ੍ਰਤੀ ਟਨ 'ਤੇ ਆ ਗਈਆਂ। ਇਸੇ ਤਰ੍ਹਾਂ ਬਿਲਟਸ ਦੀਆਂ ਕੀਮਤਾਂ 36,800 ਰੁਪਏ ਤੋਂ ਡਿੱਗ ਕੇ 11 ਜੁਲਾਈ ਤਕ 32,000 ਰੁਪਏ ਪ੍ਰਤੀ ਟਨ 'ਤੇ ਆ ਗਈਆਂ। ਆਮ ਤੌਰ 'ਤੇ ਭਾਰਤ 'ਚ ਮਾਨਸੂਨ ਸੀਜ਼ਨ ਦੌਰਾਨ ਇਨ੍ਹਾਂ ਦੀ ਕੀਮਤ 'ਚ 1,000-1,500 ਰੁਪਏ ਦੀ ਗਿਰਾਵਟ ਦੇਖੀ ਜਾਂਦੀ ਹੈ ਪਰ ਇਸ ਵਾਰ ਕੀਮਤਾਂ 'ਚ ਤਕਰੀਬਨ 3 ਗੁਣਾ ਗਿਰਾਵਟ ਆ ਚੁੱਕੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਸਟੀਲ 'ਤੇ 25 ਫੀਸਦੀ ਇੰਪੋਰਟ ਡਿਊਟੀ ਲਾਈ ਹੈ, ਜਿਸ ਕਾਰਨ ਗਲੋਬਲ ਬਾਜ਼ਾਰਾਂ 'ਚ ਇਨ੍ਹਾਂ ਦੀ ਮੰਗ ਪ੍ਰਭਾਵਿਤ ਹੋਈ ਹੈ। ਹਾਲਾਂਕਿ ਅਮਰੀਕਾ ਨੂੰ ਹੋਣ ਵਾਲੇ ਸਟੀਲ ਇੰਪੋਰਟ 'ਚ ਭਾਰਤ ਦੀ ਹਿੱਸੇਦਾਰੀ ਕਾਫੀ ਘੱਟ ਹੈ ਪਰ ਜੋ ਦੇਸ਼ ਇਸ ਨਾਲ ਪ੍ਰਭਾਵਿਤ ਹੋਏ ਹਨ ਉਹ ਭਾਰਤੀ ਬਾਜ਼ਾਰ ਵੱਲ ਰੁਖ਼ ਵਧਾ ਸਕਦੇ ਹਨ, ਜਿਸ ਕਾਰਨ ਕੀਮਤਾਂ 'ਤੇ ਦਬਾਅ ਦੇਖਣ ਨੂੰ ਮਿਲ ਸਕਦਾ ਹੈ।