ਟੂ-ਵ੍ਹੀਲਰ ਹੋ ਸਕਦੇ ਹਨ ਹੋਰ ਮਹਿੰਗੇ, ਲਾਗੂ ਹੋਣ ਜਾ ਰਿਹਾ ਨਵਾਂ ਨਿਯਮ

02/16/2020 10:51:42 AM

ਨਵੀਂ ਦਿੱਲੀ— ਬੀ. ਐੱਸ.-6 ਨਿਯਮ ਲਾਗੂ ਹੋਣ ਤੋਂ ਪਹਿਲਾਂ ਜਿੱਥੇ ਫਰਮਾਂ ਨੇ ਇਨ੍ਹਾਂ ਦੀ ਲਾਚਿੰਗ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਬੀ. ਐੱਸ.-6 ਮਾਡਲਾਂ ਦੀ ਕੀਮਤ ਵੀ ਵਧਾ ਦਿੱਤੀ ਗਈ ਹੈ। ਇਸ ਸਾਲ ਬਾਈਕਸ ਲਈ ਇਕ ਹੋਰ ਨਵਾਂ ਨਿਯਮ ਲਾਜ਼ਮੀ ਹੋਣ ਜਾ ਰਿਹਾ ਹੈ, ਜਿਸ ਨਾਲ ਕੀਮਤਾਂ 'ਚ ਫਿਰ ਵਾਧਾ ਹੋ ਸਕਦਾ ਹੈ। ਮੋਟਰਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਟੂ-ਵ੍ਹੀਲਰ ਨਿਰਮਾਤਾਵਾਂ ਨੂੰ ਇਸ 'ਚ ਕਈ 'ਸੇਫਟੀ ਫੀਚਰ' ਜੋੜਨੇ ਹੋਣਗੇ, ਜਿਨ੍ਹਾਂ ਦੀ ਲਾਗਤ ਦਾ ਥੋੜ੍ਹਾ-ਬਹੁਤਾ ਭਾਰ ਗਾਹਕਾਂ 'ਤੇ ਪੈ ਸਕਦਾ ਹੈ।

 

ਇਸ ਸਾਲ ਅਕਤੂਬਰ ਤੋਂ ਬਣਨ ਵਾਲੇ ਹਰੇਕ ਮੋਟਰਸਾਈਕਲ ਦੀ ਪਿਛਲੀ ਸੀਟ ਜਾਂ ਡਰਾਈਵਰ ਦੇ ਪਿੱਛੇ ਵਾਲੀ ਸੀਟ ਦੇ ਸਾਈਡ 'ਤੇ 'ਹੈਂਡ ਗਰਿੱਪ' ਲਾਉਣਾ ਲਾਜ਼ਮੀ ਹੋਵੇਗਾ ਤਾਂ ਜੋ ਦੂਜੀ ਸਵਾਰੀ ਉਸ ਨੂੰ ਫੜ ਕੇ ਬੈਠੇ। ਇਸ ਤੋਂ ਇਲਾਵਾ ਫੁਟਰੇਸਟ ਤਾਂ ਹੋਵੇਗਾ ਹੀ, ਨਾਲ ਹੀ ਪਿਛਲੇ ਪਹੀਏ ਨੂੰ ਅੱਧੇ ਤੋਂ ਵੱਧ ਕਵਰ ਕਰਨਾ ਹੋਵੇਗਾ ਤਾਂ ਜੋ ਮਹਿਲਾ ਦੀ ਸਾੜੀ ਜਾਂ ਦੁਪੱਟਾ ਟਾਇਰ 'ਚ ਫਸਣ ਦੀ ਸੰਭਾਵਨਾ ਨਾ ਰਹੇ। ਸਾੜੀਆਂ ਅਤੇ ਦੁਪੱਟੇ ਪਿਛਲੇ ਪਹੀਏ 'ਚ ਫਸਣ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕਈ ਜਾਨਾਂ ਵੀ ਗਈਆਂ।
ਉੱਥੇ ਹੀ, ਟੂ-ਵ੍ਹੀਲਰ ਸਵਾਰ ਹੁਣ ਇਕ ਨਿਰਧਾਰਤ ਸਾਈਜ਼ ਤੋਂ ਵੱਡਾ ਬਾਕਸ ਬਾਈਕ 'ਤੇ ਨਹੀਂ ਲਿਜਾ ਸਕਣਗੇ। ਰੋਡ ਟਰਾਂਸਪੋਰਟ ਮੰਤਰਾਲਾ ਨੇ ਟੂ-ਵ੍ਹੀਲਰਾਂ 'ਤੇ ਇਕ ਨਿਰਧਾਰਤ ਸਾਈਜ਼ ਦਾ ਬਾਕਸ ਜਾਂ ਕੰਟੇਨਰ ਰੱਖਣ ਦਾ ਪ੍ਰਸਤਾਵ ਕੀਤਾ ਹੈ। ਇਕ ਸੂਤਰ ਨੇ ਕਿਹਾ ਕਿ ਇਹ ਵਿਵਸਥਾ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਬਾਈਕ ਦਾ ਸੰਤੁਲਨ ਰਹੇ ਅਤੇ ਓਵਰਲੋਡਿੰਗ ਨਾ ਹੋਵੇ। ਪ੍ਰਸਤਾਵ ਮੁਤਾਬਕ, ਫੂਡ ਡਲਿਵਰੀ ਵਾਲੇ ਬਾਕਸ ਲੰਬਾਈ 'ਚ 550 ਮਿਲੀਮੀਟਰ, ਚੌੜਾਈ 'ਚ 510 ਮਿਲੀਮੀਟਰ ਅਤੇ ਉਚਾਈ 'ਚ 500 ਮਿਲੀਮੀਟਰ ਤੋਂ ਵੱਧ ਨਹੀਂ ਹੋਣਗੇ ਅਤੇ ਕੁੱਲ ਮਿਲਾ ਕੇ 30 ਕਿਲੋ ਭਾਰ ਹੀ ਰੱਖਣ ਦੀ ਇਜਾਜ਼ਤ ਹੋਵੇਗੀ। ਇਹ ਵੀ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ।