FPI ਵੱਲੋਂ Aug ''ਚ 3 ਹਜ਼ਾਰ ਕਰੋੜ ਦੀ ਨਿਕਾਸੀ ਪਰ ਹੁਣ ਬਦਲੇਗਾ ਰੁਝਾਨ

08/25/2019 2:20:54 PM

ਨਵੀਂ ਦਿੱਲੀ— ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਭਾਰਤੀ ਸਟਾਕਸ ਬਾਜ਼ਾਰ 'ਚੋਂ 3,014 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ ਪਰ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਸਰਕਾਰ ਵੱਲੋਂ ਐੱਫ. ਪੀ. ਆਈ. 'ਤੇ ਵਧੇ ਸਰਚਾਰਜ ਨੂੰ ਹਟਾਏ ਜਾਣ ਤੋਂ ਬਾਅਦ ਇਹ ਰੁਝਾਨ ਉਲਟਾ ਹੋ ਸਕਦਾ ਹੈ।ਬਾਜ਼ਾਰ ਮਾਹਰਾਂ ਮੁਤਾਬਕ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਇਕੁਇਟੀ 'ਚ ਖਰੀਦਦਾਰੀ ਵਧਾ ਸਕਦੇ ਹਨ।

 

 

ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 1 ਅਗਸਤ ਤੋਂ ਲੈ ਕੇ 23 ਅਗਸਤ ਤਕ ਇਕੁਇਟੀ 'ਚੋਂ 12,105.33 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ ਤੇ ਇਸ ਦੌਰਾਨ ਉਨ੍ਹਾਂ ਨੇ 9,090.61 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਨਿਵੇਸ਼ ਕੀਤੇ ਹਨ। ਇਸ ਤਰ੍ਹਾਂ ਅਗਸਤ 'ਚ ਐੱਫ. ਪੀ. ਆਈਜ਼. ਦੀ ਸ਼ੁੱਧ ਨਿਕਾਸੀ 3,014 ਕਰੋੜ ਰੁਪਏ ਰਹੀ।

ਪਿਛਲੇ 15 ਕਾਰੋਬਾਰੀ ਸੈਸ਼ਨਾਂ 'ਚੋਂ ਵਿਦੇਸ਼ੀ ਨਿਵੇਸ਼ਕ ਸਿਰਫ ਦੋ ਸੈਸ਼ਨਾਂ 'ਚ ਸ਼ੁੱਧ ਖਰੀਦਦਾਰ ਰਹੇ। ਯੂ. ਐੱਸ. ਫੈਡ ਵੱਲੋਂ ਦਰਾਂ 'ਚ ਕਟੌਤੀ, ਇਸ ਦੇ ਇਲਾਵਾ ਯੂ. ਐੱਸ.-ਚੀਨ ਵਪਾਰ ਯੁੱਧ ਅਤੇ ਜੁਲਾਈ ਬਜਟ 'ਚ ਟੈਕਸ ਵਾਧੇ ਸਮੇਤ ਕਈ ਕਾਰਨਾਂ ਕਰਕੇ ਇਕੁਇਟੀ 'ਚ ਵਿਕਵਾਲੀ ਹਾਵੀ ਰਹੀ। ਐੱਫ. ਪੀ. ਆਈ. ਤੇ ਘਰੇਲੂ ਇਕੁਇਟੀ ਨਿਵੇਸ਼ਕਾਂ 'ਤੇ ਬਜਟ 'ਚ ਪ੍ਰਸਤਾਵਿਤ ਸਰਚਾਰਜ ਦੇ ਰੋਲਬੈਕ ਨਾਲ ਬਾਜ਼ਾਰ 'ਚ ਤੇਜ਼ੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬਾਜ਼ਾਰ ਮਾਹਰਾਂ ਮੁਤਾਬਕ, ਸੋਮਵਾਰ ਨੂੰ ਸਟਾਕਸ ਬਾਜ਼ਾਰ 'ਚ ਉਛਾਲ ਦਰਜ ਹੋ ਸਕਦਾ ਹੈ।