FPIs ਵੱਲੋਂ Aug 'ਚ ਹੁਣ ਤਕ 9 ਹਜ਼ਾਰ ਕਰੋੜ ਰੁ: ਤੋਂ ਵੱਧ ਦੀ ਨਿਕਾਸੀ

08/11/2019 11:03:27 AM

ਨਵੀਂ ਦਿੱਲੀ— ਭਾਰਤੀ ਸਟਾਕਸ ਬਾਜ਼ਾਰ 'ਚੋਂ ਵਿਦੇਸ਼ੀ ਨਿਵੇਸ਼ਕਾਂ ਦਾ ਬਾਹਰ ਨਿਕਲਣਾ ਜਾਰੀ ਹੈ। ਇਸ ਮਹੀਨੇ ਦੇ ਸਿਰਫ 7 ਕਾਰੋਬਾਰੀ ਦਿਨਾਂ 'ਚ ਵਿਦੇਸ਼ੀ ਨਿਵੇਸ਼ਕਾਂ ਨੇ 9,197 ਕਰੋੜ ਰੁਪਏ ਦੀ ਵੱਡੀ ਨਿਕਾਸੀ ਕੀਤੀ ਹੈ। 

 

 

ਹਾਲਾਂਕਿ, ਵਿਸ਼ਲੇਸ਼ਕਾਂ ਨੇ ਕਿਹਾ ਕਿ ਜੇਕਰ ਸਰਕਾਰ ਵਿਦੇਸ਼ੀ ਨਿਵੇਸ਼ਕਾਂ ਦੇ ਟੈਕਸਾਂ ਦੀਆਂ ਚਿੰਤਾਵਾਂ ਦਾ ਹੱਲ ਕਰੇ ਤਾਂ ਇਹ ਰੁਝਾਨ ਪਲਟ ਸਕਦਾ ਹੈ।ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 1 ਅਗਸਤ ਤੋਂ ਲੈ ਕੇ 9 ਅਗਸਤ ਤਕ ਇਕੁਇਟੀ 'ਚੋਂ 11,134.60 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ ਪਰ ਇਸ ਦੌਰਾਨ ਉਨ੍ਹਾਂ ਨੇ 1,937.54 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਨਿਵੇਸ਼ ਵੀ ਕੀਤੇ ਹਨ। ਇਸ ਤਰ੍ਹਾਂ ਅਗਸਤ 'ਚ ਹੁਣ ਤਕ ਐੱਫ. ਪੀ. ਆਈ. ਦੀ ਸ਼ੁੱਧ ਨਿਕਾਸੀ 9,197.06 ਕਰੋੜ ਰੁਪਏ ਰਹੀ।

ਜੁਲਾਈ 'ਚ ਵਿਦੇਸ਼ੀ ਨਿਵੇਸ਼ਕਾਂ ਨੇ 2,985.88 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਬਜਟ 2019-20 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਸੁਪਰ ਰਿਚ ਟੈਕਸ ਲਾਉਣ ਨਾਲ ਵਿਦੇਸ਼ੀ ਨਿਵੇਸ਼ਕ ਲਗਾਤਾਰ ਵਿਕਵਾਲ ਬਣੇ ਹੋਏ ਹਨ। ਇਸ ਤੋਂ ਪਹਿਲਾਂ ਫਰਵਰੀ ਤੋਂ ਲੈ ਕੇ ਜੂਨ ਤਕ ਲਗਾਤਾਰ ਪੰਜ ਮਹੀਨੇ ਵਿਦੇਸ਼ ਨਿਵੇਸ਼ਕ ਸ਼ੁੱਧ ਖਰੀਦਦਾਰ ਰਹੇ ਸਨ। ਬਾਜ਼ਾਰ ਮਾਹਰਾਂ ਮੁਤਾਬਕ ਅਮਰੀਕਾ, ਯੂਰਪ ਤੇ ਚੀਨ ਦੀ ਅਰਥਵਿਵਸਥਾ 'ਚ ਸੁਸਤੀ ਕਾਰਨ ਗਲੋਬਲ ਇਕਨੋਮੀ 'ਚ ਸਲੋਡਾਊਨ ਦਾ ਖਦਸ਼ਾ ਹੈ, ਜਿਸ ਕਾਰਨ ਐੱਫ. ਪੀ. ਆਈਜ਼. ਸਾਵਧਾਨੀ ਨਾਲ ਕਦਮ ਪੁੱਟ ਰਹੇ ਹਨ। ਵਿਦੇਸ਼ੀ ਨਿਵੇਸ਼ਕਾਂ ਨੂੰ ਇਹ ਵੀ ਡਰ ਹੈ ਕਿ ਅਮਰੀਕਾ-ਚੀਨ ਵਿਚਕਾਰ ਵਪਾਰ ਸਮਝੌਤੇ ਸੰਬੰਧੀ ਉਲਝਣ ਤੇ ਬ੍ਰੈਗਜ਼ਿਟ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਹੋਰ ਭੂ-ਰਾਜਨੀਤਕ ਕਾਰਨਾਂ ਕਰਕੇ ਅਰਥਵਿਵਸਥਾ 'ਚ ਸੁਸਤੀ ਦਾ ਦਾਇਰਾ ਵੱਧ ਸਕਦਾ ਹੈ। ਮੌਜੂਦਾ ਹਾਲਾਤ 'ਚ ਆਮਦਨ ਘੱਟ ਰਹੀ ਹੈ ਜਦੋਂ ਕਿ ਮੁਲਾਂਕਣ ਵਧ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਇਕੁਇਟੀ ਪ੍ਰਤੀ ਆਕਰਸ਼ਣ ਘੱਟ ਹੋਇਆ ਹੈ ਅਤੇ ਨਿਵੇਸ਼ਕ ਬਾਂਡ ਤੇ ਸੋਨੇ 'ਚ ਪੈਸਾ ਲਗਾ ਰਹੇ ਹਨ।