FPI ਨੇ ਮਾਰਚ 'ਚ ਪੂੰਜੀ ਬਾਜ਼ਾਰ 'ਚ 38,211 ਕਰੋੜ ਰੁਪਏ ਦਾ ਕੀਤਾ ਨਿਵੇਸ਼

03/24/2019 12:05:06 PM

ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਮਾਰਚ 'ਚ ਅਜੇ ਤੱਕ ਘਰੇਲੂ ਪੂੰਜੀ ਬਾਜ਼ਾਰਾਂ 'ਚ 38,211 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਸੰਸਾਰਕ ਪੱਧਰ 'ਤੇ ਤਰਲਤਾ ਦੀ ਸਥਿਤੀ 'ਚ ਸੁਧਾਰ ਦੇ ਦੌਰਾਨ ਐੱਫ.ਪੀ.ਆਈ. ਦਾ ਨਿਵੇਸ਼ ਵਧਿਆ ਹੈ। ਫਰਵਰੀ 'ਚ ਐੱਫ.ਪੀ.ਆਈ. ਨੇ ਪੂੰਜੀ ਬਾਜ਼ਾਰਾਂ ਬਾਂਡ ਅਤੇ ਸ਼ੇਅਰ ਬਾਜ਼ਾਰ 'ਚ ਸ਼ੁੱਧ ਰੂਪ ਨਾਲ 11,182 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। 
ਵਿਸ਼ਲੇਸ਼ਕਾਂ ਨੇ ਕਿਹਾ ਕਿ ਸੰਸਾਰਕ ਪੱਧਰ 'ਤੇ ਵੱਖ-ਵੱਖ ਕੇਂਦਰੀ ਬੈਂਕਾਂ ਦੇ ਮੌਦਰਿਕ ਨੀਤੀ ਰੁਖ 'ਚ ਬਦਲਾਅ ਦੀ ਵਜ੍ਹਾ ਨਾਲ ਐੱਫ.ਪੀ.ਆਈ. ਨਿਵੇਸ਼ ਵਧਿਆ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ ਇਕ ਤੋਂ 22 ਮਾਰਚ ਦੌਰਾਨ ਸ਼ੇਅਰਾਂ 'ਚ ਸ਼ੁੱਧ ਰੂਪ ਨਾਲ 27,424.18 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਦੋਂਕਿ ਇਸ ਦੌਰਾਨ ਉਨ੍ਹਾਂ ਨੇ ਕਰਜ਼ ਜਾਂ ਬਾਂਡ ਬਾਜ਼ਾਰ 'ਚ 10,787.02 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਤਰ੍ਹਾਂ ਉਨ੍ਹਾਂ ਦਾ ਕੁੱਲ ਨਿਵੇਸ਼ 38,211.20 ਕਰੋੜ ਰੁਪਏ ਰਿਹਾ। ਗ੍ਰੋ ਦੇ ਮੁੱਖ ਸੰਚਾਲਨ ਅਧਿਕਾਰੀ ਹਰਸ਼ ਜੈਨ ਨੇ ਕਿਹਾ ਕਿ ਅਮਰੀਕਾ ਚੀਨ ਦੇ ਵਿਚਕਾਰ ਵਪਾਰ ਵਿਵਾਦ ਕੁਝ ਠੰਡਾ ਪੈਣ ਅਤੇ ਅਮਰੀਕੀ ਕੇਂਦਰੀ ਬੈਂਕ ਫੇਡਰਲ ਰਿਜ਼ਰਵ ਵਲੋਂ ਵਿਆਜ ਦਰਾਂ 'ਚ ਵਾਧਾ ਨਹੀਂ ਕੀਤੇ ਜਾਣ ਨਾਲ ਭਾਰਤ ਐੱਫ.ਪੀ.ਆਈ. ਦੇ ਨਿਵੇਸ਼ ਲਈ ਆਕਰਸ਼ਕ ਹੋ ਗਿਆ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ 'ਚ ਸਥਿਰਤਾ ਨਾਲ ਵੀ ਐੱਫ.ਪੀ.ਆਈ. ਦਾ ਨਿਵੇਸ਼ ਵਧਿਆ ਹੈ।

Aarti dhillon

This news is Content Editor Aarti dhillon