ਵਿਦੇਸ਼ੀ ਨਿਵੇਸ਼ਕਾਂ ਨੇ ਮਈ ''ਚ ਪੂੰਜੀ ਬਾਜ਼ਾਰ ''ਚ 9,031 ਕਰੋੜ ਰੁਪਏ ਪਾਏ

06/02/2019 11:10:50 PM

ਨਵੀਂ ਦਿੱਲੀ-ਆਮ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਾਰੋਬਾਰ ਲਈ ਜ਼ਿਆਦਾ ਅਨੁਕੂਲ ਮਾਹੌਲ ਬਣਨ ਦੀਆਂ ਉਮੀਦਾਂ ਨੂੰ ਵੇਖਦੇ ਹੋਏ ਵਿਦੇਸ਼ੀ ਨਿਵੇਸ਼ਕਾਂ ਨੇ ਮਈ 'ਚ ਭਾਰਤੀ ਪੂੰਜੀ ਬਾਜ਼ਾਰ 'ਚ ਸ਼ੁੱਧ ਰੂਪ ਨਾਲ 9,031 ਕਰੋੜ ਰੁਪਏ ਦੀ ਪੂੰਜੀ ਪਾਈ। ਦਿਲਚਸਪ ਗੱਲ ਇਹ ਹੈ ਕਿ ਮਈ ਦੇ ਪਹਿਲੇ 3 ਹਫਤਿਆਂ 'ਚ ਵਿਦੇਸ਼ੀ ਨਿਵੇਸ਼ਕ ਸ਼ੁੱਧ ਬਿਕਵਾਲ ਰਹੇ ਪਰ ਚੋਣ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਉਨ੍ਹਾਂ ਦੇ ਰੁਖ 'ਚ ਬਦਲਾਅ ਵੇਖਿਆ ਗਿਆ।

ਡਿਪਾਜ਼ਟਰੀ ਕੋਲ ਮੌਜੂਦ ਤਾਜ਼ਾ ਅੰਕੜਿਆਂ ਮੁਤਾਬਕ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 2 ਤੋਂ 31 ਮਈ ਦੌਰਾਨ, ਸ਼ੇਅਰ ਬਾਜ਼ਾਰਾਂ 'ਚ ਸ਼ੁੱਧ ਰੂਪ ਨਾਲ 7,919.73 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਦੋਂਕਿ ਬਾਂਡ ਬਾਜ਼ਾਰ 'ਚ 1,111.42 ਕਰੋੜ ਰੁਪਏ ਪਾਏ। ਇਸੇ ਤਰ੍ਹਾਂ ਨਿਵੇਸ਼ਕਾਂ ਨੇ ਸ਼ੁੱਧ ਰੂਪ ਨਾਲ 9,031.15 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਤੋਂ ਪਹਿਲਾਂ, ਕੌਮਾਂਤਰੀ ਨਿਵੇਸ਼ਕਾਂ ਨੇ ਸ਼ੇਅਰ ਅਤੇ ਬਾਂਡ ਬਾਜ਼ਾਰ ਦੋਵਾਂ 'ਚ ਅਪ੍ਰੈਲ 'ਚ ਸ਼ੁੱਧ ਰੂਪ ਨਾਲ 16,093 ਕਰੋੜ ਰੁਪਏ ਦੀ ਪੂੰਜੀ ਪਾਈ ਸੀ। ਉਥੇ ਹੀ ਮਾਰਚ 'ਚ 45,981 ਕਰੋੜ ਰੁਪਏ ਅਤੇ ਫਰਵਰੀ 'ਚ 11,182 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਮਾਹਿਰਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸੱਤਾ 'ਚ ਦੁਬਾਰਾ ਆਉਣ ਤੋਂ ਬਾਅਦ ਪਹਿਲੇ ਕਾਰਜਕਾਲ 'ਚ ਸ਼ੁਰੂ ਕੀਤੇ ਗਏ ਸੁਧਾਰਾਂ ਨੂੰ ਜਾਰੀ ਰੱਖੇਗੀ।

Karan Kumar

This news is Content Editor Karan Kumar