ਆਨਲਾਈਨ ਫੂਡ ਆਰਡਰ ਕਰਨਾ ਹੋਇਆ ਮਹਿੰਗਾ, ਸਵਿੱਗੀ-ਜ਼ੋਮੈਟੋ ਨੇ ਵਧਾਏ ਇਹ ਚਾਰਜ

01/27/2020 2:41:37 PM

ਨਵੀਂ ਦਿੱਲੀ — ਪਿਛਲੇ 6 ਮਹੀਨਿਆਂ 'ਚ ਆਨਲਾਈਨ ਭੋਜਨ ਮੰਗਵਾਉਣਾ ਹੁਣ ਕਾਫੀ ਮਹਿੰਗਾ ਹੋ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਕੰਪਨੀਆਂ ਨੇ ਜਿੱਥੇ ਇਕ ਪਾਸੇ ਛੋਟ ਦੇਣਾ ਬੰਦ ਕਰ ਦਿੱਤਾ ਹੈ ਉਥੇ  ਡਿਲਵਰੀ ਚਾਰਜ ਵੀ ਕਾਫੀ ਵਧਾ ਦਿੱਤੇ ਹਨ। ਇਸ ਕਰਕੇ ਹੁਣ ਲੋਕ ਪਹਿਲਾਂ ਦੀ ਤਰ੍ਹਾਂ ਰੈਸਟੋਰੈਂਟ 'ਤੇ ਸਿੱਧੇ ਫੋਨ ਕਰਕੇ ਭੋਜਨ ਮੰਗਵਾਉਣ ਲੱਗ ਗਏ ਹਨ। 

ਫੂਡ ਡਿਲਵਰੀ ਐਪ ਜ਼ੋਮੈਟੋ ਅਤੇ ਸਵਿੱਗੀ ਵਲੋਂ ਅਜਿਹਾ ਕਰਨ ਨਾਲ ਰੈਸਟੋਰੈਂਟ ਦੀ ਵਿਕਰੀ 'ਤੇ ਵੀ ਅਸਰ ਦੇਖਣ ਨੂੰ ਮਿਲਿਆ ਹੈ। ਹੁਣ ਗਾਹਕਾਂ ਨੂੰ ਕੁਝ ਚੌਣਵੇਂ ਰੈਸਟੋਰੈਂਟ 'ਤੇ ਹੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਕੰਪਨੀਆਂ ਨੇ ਆਪਣੇ ਰਾਇਲਟੀ ਪ੍ਰੋਗਰਾਮ 'ਚ ਵਾਧਾ ਕਰ ਦਿੱਤਾ ਹੈ। ਇਕ ਅਖਬਾਰ ਅਨੁਸਾਰ ਅਕਤੂਬਰ ਤੋਂ ਜ਼ੋਮੈਟੋ ਅਤੇ ਦਸੰਬਰ ਤੋਂ ਸਵਿੱਗੀ ਨਾਲ ਜੁੜੇ ਰੈਸਟੋਰੈਂਟਸ ਦੀ ਵਿਕਰੀ 'ਚ 5 ਤੋਂ 6 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜ਼ੋਮੈਟੋ ਨੇ ਹੁਣੇ ਜਿਹੇ ਹੀ ਆਨ ਟਾਈਮ ਜਾਂ ਫਿਰ ਮੁਫਤ ਡਿਲਵਰੀ ਦੀ ਸਹੂਲਤ ਨੂੰ ਵੀ ਸ਼ੁਰੂ ਕੀਤਾ ਹੈ। ਇਸ ਲਈ ਗਾਹਕਾਂ ਨੂੰ 10 ਰੁਪਏ ਵਾਧੂ ਦੇਣੇ ਹੁੰਦੇ ਹਨ। ਜੇਕਰ ਗਾਹਕਾਂ ਨੂੰ ਤੈਅ ਸਮੇਂ 'ਚ ਭੋਜਨ ਨਹੀਂ ਪਹੁੰਚੇਗਾ ਤਾਂ ਫਿਰ ਕੰਪਨੀ ਉਨ੍ਹਾਂ ਨੂੰ ਮੁਫਤ 'ਚ ਭੋਜਨ ਦੇਵੇਗੀ।

ਜ਼ੋਮੈਟੋ ਨੇ ਆਪਣੀ ਗੋਲਡ ਮੈਂਬਰਸ਼ਿਪ ਦੀ ਫੀਸ 'ਚ ਵੀ ਵਾਧਾ ਕਰ ਦਿੱਤਾ ਹੈ। ਇਸਦੇ ਨਾਲ ਹੀ ਦੂਰੀ ਦੇ ਹਿਸਾਬ ਨਾਲ ਡਿਲਵਰੀ ਚਾਰਜ ਲਾਗੂ ਕਰ ਦਿੱਤੇ ਗਏ ਹਨ। ਮੌਜੂਦਾ ਸਮੇਂ 'ਚ ਜ਼ੋਮੈਟੋ 16 ਤੋਂ ਲੈ ਕੇ 45 ਰੁਪਏ ਤੱਕ ਡਿਲਵਰੀ ਚਾਰਜ ਦੇ ਤੌਰ 'ਤੇ ਵਸੂਲ ਕਰ ਰਹੀ ਹੈ। ਸਵਿੱਗੀ ਨੇ ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ ਆਪਣੀ ਡਿਲਵਰੀ ਚਾਰਜ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਸਵਿੱਗੀ ਹੁਣ 98 ਰੁਪਏ ਤੱਕ ਦੀ ਡਿਲਵਰੀ 'ਤੇ 31 ਰੁਪਏ ਅਤੇ ਉਸ ਤੋਂ ਜ਼ਿਆਦਾ ਦੇ ਆਰਡਰ 'ਤੇ 21 ਰੁਪਏ ਵਸੂਲ ਰਹੀ ਹੈ। ਪੀਕ ਆਵਰਸ 'ਚ ਭੋਜਨ ਮੰਗਵਾਉਣ 'ਤੇ ਗਾਹਕਾਂ ਕੋਲੋਂ ਜ਼ਿਆਦਾ ਪੈਸਾ ਵਸੂਲਿਆ ਜਾ ਰਿਹਾ ਹੈ।

ਫੂਡ ਡਿਲਵਰੀ ਅਤੇ ਰੈਸਟੋਰੈਂਟ ਵਿਚ ਜਾ ਕੇ ਭੋਜਨ ਕਰਨ 'ਚ ਵੀ ਕੀਮਤਾਂ ਵਿਚ ਫਰਕ ਦੇਖਿਆ ਜਾ ਰਿਹਾ ਹੈ। ਰੈਸਟੋਰੈਂਟਸ ਆਨ ਲਾਈਨ ਐਪ ਜ਼ਰੀਏ ਭੋਜਨ ਮੰਗਵਾਉਣ 'ਤੇ ਜ਼ਿਆਦਾ ਰੇਟ ਵਸੂਲਦੇ ਹਨ। ਦੂਜੇ ਪਾਸੇ ਰੈਸਟੋਰੈਂਟ ਵਿਚ ਫੋਨ ਕਰਕੇ ਜਾਂ ਫਿਰ ਉਥੇ ਡਾਇਨ-ਇਨ ਕਰਨ ਸਮੇਂ ਕੀਮਤਾਂ ਵਿਚ ਸਥਿਰਤਾ ਰਹਿੰਦੀ ਹੈ। ਆਨਲਾਈਨ ਫੂਡ  ਮੰਗਵਾਉਣ 'ਤੇ ਹੁਣ ਪੈਕਿੰਗ ਚਾਰਜ ਅਤੇ ਹੋਰ ਤਰ੍ਹਾਂ ਦੇ ਟੈਕਸ ਵੀ ਵਸੂਲੇ ਜਾ ਰਹੇ ਹਨ। ਦੂਜੇ ਪਾਸੇ ਕੰਪਨੀਆਂ ਨੇ ਆਰਡਰ ਕੈਂਸਲ ਕਰਨ ਸਮੇਂ ਵੀ ਚਾਰਜ ਵਸੂਲਣਾ ਸ਼ੁਰੂ ਕਰ ਦਿੱਤਾ ਹੈ।