SUV ਦੀ ਕੀਮਤ 'ਤੇ ਇਹ ਕੰਪਨੀ ਲਿਆ ਰਹੀ ਹੈ ਉੱਡਣ ਵਾਲੀ ਕਾਰ!

07/15/2018 2:43:49 PM

ਕਾਨਪੁਰ — ਅਮਰੀਕਾ ਦੇ ਤਕਨਾਲੋਜੀ ਹੱਬ ਸਿਲੀਕਾਨ ਵੈਲੀ ਦੀ ਇਕ ਕੰਪਨੀ ਨੇ ਫਲਾਇੰਗ ਕਾਰ ਪੇਸ਼ ਕੀਤੀ ਹੈ ਤੁਸੀਂ ਇਸ ਕਾਰ ਨੂੰ ਐੱਸ.ਯੂ.ਵੀ. ਕਾਰ ਦੀ ਕੀਮਤ 'ਤੇ ਵੀ ਖਰੀਦ ਸਕਦੇ ਹੋ। ਇਸ ਫਲਾਇੰਗ ਕਾਰ ਦਾ ਨਾਮ 'ਬਲੈਕਫਲਾਈ' ਹੈ। ਇਹ ਕਾਰ ਪੂਰੀ ਤਰ੍ਹਾਂ ਨਾਲ ਇਕ ਇਲੈਕਟ੍ਰਿਕ ਕਾਰ ਹੈ, ਜੋ ਕਿ ਕਰੀਬ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ 40 ਕਿਲੋਮੀਟਰ ਤੱਕ ਨਾਨ-ਸਟਾਪ ਆਸਾਨੀ ਨਾਲ ਯਾਤਰਾ ਕਰ ਸਕਦੀ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਇਹ ਫਲਾਇੰਗ ਕਾਰ ਭਵਿੱਖ ਦੀ ਫਲਾਇੰਗ ਕਾਰ ਕਿਟੀ ਹਾਕ ਅਤੇ ਉਬਰ ਦੀ ਫਲਾਇੰਗ ਟੈਕਸੀ ਨੂੰ ਜ਼ਬਰਦਸਤ ਟੱਕਰ ਦੇਵੇਗੀ। ਇਸ ਨੂੰ ਬਣਾਉਣ ਵਾਲੀ ਕੰਪਨੀ ਨੂੰ ਉਮੀਦ ਹੈ ਕਿ ਇਸਦੀ ਕੀਮਤ ਇਕ ਐੱਸ.ਯੂ.ਵੀ. ਕਾਰ ਦੀ ਕੀਮਤ ਦੇ ਆਲੇ-ਦੁਆਲੇ ਹੋਵੇਗੀ।


ਟ੍ਰੇਨਿੰਗ ਲੈਣ ਤੋਂ ਬਾਅਦ ਕੋਈ ਵੀ ਉਡਾ ਸਕਦਾ ਹੈ ਫਲਾਇੰਗ ਕਾਰ
ਅਮਰੀਕਾ ਦੇ ਸਿਲੀਕਾਨ ਵੈਲੀ ਦਾ ਇਹ ਸ਼ੁਰੂਆਤੀ ਪ੍ਰੋਜੈਕਟ ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਦੁਆਰਾ ਚਲਾਇਆ ਜਾ ਰਿਹਾ ਹੈ। 'ਬਲੈਕਫਲਾਈ' ਦੀ ਸਟਾਰਟਅਪ ਕੰਪਨੀ 'ਓਪਨਰ' ਦੇ ਸੀ.ਈ.ਓ. ਮਾਰਕਸ ਲੇਂਗ ਦਾ ਦਾਅਵਾ ਹੈ ਕਿ ਇਸ ਕਾਰ ਨੂੰ ਸਧਾਰਨ ਬੁਨਿਆਦੀ ਸਿਖਲਾਈ ਤੋਂ ਬਾਅਦ ਕੋਈ ਵੀ ਉਡਾ ਸਕਦਾ ਹੈ। ਅਮਰੀਕੀ ਕਾਨੂੰਨ ਅਨੁਸਾਰ ਬਸ ਉਸ ਵਿਅਕਤੀ ਕੋਲ ਪਾਇਲਟ ਲਾਇਸੈਂਸ ਹੋਣਾ ਲਾਜ਼ਮੀ ਹੈ। ਇਸ ਵੇਲੇ ਇਸ ਕਾਰ ਵਿਚ ਸਿਰਫ ਇਕ ਹੀ ਸੀਟ ਹੋਵੇਗੀ, ਪਰ ਫਿਰ ਵੀ ਇਹ ਕਈ ਲੋਕਾਂ ਦੀ ਇੱਛਾ ਨੂੰ ਪੂਰਾ ਕਰ ਸਕੇਗੀ।


ਕਾਰ ਬੈਟਰੀ ਨੂੰ 25 ਮਿੰਟਾਂ ਵਿਚ ਚਾਰਜ ਕੀਤਾ ਜਾ ਸਕੇਗਾ
ਬਲੈਕਫਲਾਈ ਕੰਪਨੀ ਦੇ ਸੀ.ਈ.ਓ. ਵਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਇਕ ਬਹੁਤ ਹੀ ਹਲਕੀ ਕਾਰ ਹੈ, ਜਿਹੜੀ ਕਿ ਕਿਸੇ ਵੀ ਪ੍ਰੰਪਰਾਗਤ ਇਲੈਕਟ੍ਰਿਕ ਕਾਰ ਦੇ ਮੁਕਾਬਲੇ ਬਹੁਤ ਘੱਟ ਊਰਜਾ ਵਿਚ ਕੰਮ ਕਰ ਸਕਦੀ ਹੈ। ਕੇਵਲ ਇੰਨਾ ਹੀ ਨਹੀਂ, ਇਕ ਵਾਰ ਜਦੋਂ ਬੈਟਰੀ ਡਿਸਚਾਰਜ ਹੋ ​​ਜਾਂÎਦੀ ਹੈ ਤਾਂ ਕਾਰ ਦੀ ਬੈਟਰੀ ਨੂੰ ਸਿਰਫ 25 ਮਿੰਟ ਵਿਚ ਦੁਬਾਰਾ ਚਾਰਜ ਕੀਤਾ ਜਾ ਸਕਦਾ ਹੈ। ਇਸ ਸਟਾਰਟਅਪ ਪ੍ਰੋਜੈਕਟ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਬਲੈਕਫਲਾਈ ਬਣਾਉਣ ਬਾਰੇ 9 ਸਾਲ ਪਹਿਲਾਂ ਸੋਚਿਆ ਗਿਆ ਸੀ।


ਫਲਾਇੰਗ ਕਾਰ ਦੀ ਸੁਰੱਖਿਆ ਲਈ ਕਾਰ 'ਚ ਲੱਗੇ ਹਨ ਪੈਰਾਸ਼ੂਟ
ਬਲੈਕਫਲਾਈ ਫਲਾਇੰਗ ਕਾਰ ਦੀ ਚੌੜਾਈ ਇਸ ਦੀ ਲੰਬਾਈ ਤੋਂ ਜ਼ਿਆਦਾ ਹੈ ਅਤੇ ਇਸ ਕਾਰ ਦਾ ਭਾਰ 313 ਪਾਉਂਡ ਹੈ, ਜੋ ਕਿ ਲਗਭਗ 142 ਕਿਲੋਗ੍ਰਾਮ ਬਣਦਾ ਹੈ। ਇਹ 62 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਫ਼ਰ ਕਰ ਸਕਦੀ ਹੈ। ਇਸ ਕਾਰ ਦੀ ਸੁਰੱਖਿਆ ਲਈ ਸਾਵਧਾਨੀ ਦੇ ਤੌਰ ਤੇ ਇਕ ਪੈਰਾਸ਼ੂਟ ਵੀ ਲਗਾਇਆ ਗਿਆ ਹੈ। ਬਲੈਕਫਲਾਈ ਕਾਰ ਪ੍ਰੋਜੈਕਟ ਦੇ ਸੀ.ਈ.ਓ ਮਾਰਕੁਸ ਲੇਂਗ ਦੱਸਦੇ ਹਨ ਕਿ ਕਾਰ ਵਿਚ ਮੌਜੂਦ 8 ਛੋਟੀਆਂ ਇਲੈਕਟ੍ਰਿਕ ਮੋਟਰਾਂ ਨੂੰ ਇਕ ਆਸਾਨ 'ਜੁਆਏ ਸਟਿੱਕ' ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। 
ਇਹ ਕਾਰ ਹੁਣ ਤੱਕ ਬਣਾਈ ਗਈ ਕਿਸੇ ਵੀ ਫਲਾਇੰਗ ਕਾਰ ਦੇ ਮੁਕਾਬਲੇ ਜ਼ਿਆਦਾ ਹਲਕੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਹੁਤ ਹੀ ਘੱਟ ਕੀਮਤ ਦੀ ਹੋਵੇਗੀ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਸ਼ੁਰੂਆਤੀ ਮਾਡਲ ਮਹਿੰਗੇ ਹੋ ਸਕਦੇ ਹਨ ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਕਾਰ ਨੂੰ ਐੱਸ.ਯੂ.ਵੀ. ਕਾਰ ਦੀ ਕੀਮਤ 'ਚ ਲੋਕਾਂ ਨੂੰ ਉਪਲੱਬਧ ਕਰਵਾ ਸਕੀਏ।