ਫਲਿੱਪਕਾਰਟ ਨਿਵੇਸ਼ਕਾਂ ਨੂੰ ਹੋਵੇਗਾ ਫਾਇਦਾ, ਵਾਲਮਾਰਟ ਖਰੀਦੇਗਾ ਹਿੱਸਾ!

04/24/2018 10:52:34 AM

ਨਵੀਂ ਦਿੱਲੀ— ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ | ਇਹ ਗੱਲ ਦਿੱਗਜ ਈ-ਕਾਮਰਸ ਕੰਪਨੀ ਫਲਿੱਪਕਾਰਟ ਦੇ ਸਭ ਤੋਂ ਪੁਰਾਣੇ ਨਿਵੇਸ਼ਕਾਂ 'ਚੋਂ ਇਕ ਟਾਈਗਰ ਗਲੋਬਲ 'ਤੇ ਵੀ ਲਾਗੂ ਹੁੰਦੀ ਹੈ, ਜਿਸ ਨੂੰ ਫਲਿੱਪਕਾਰਟ 'ਚ ਆਪਣੀ ਹਿੱਸੇਦਾਰੀ ਵੇਚਣ 'ਤੇ 4 ਅਰਬ ਡਾਲਰ ਦੀ ਰਕਮ ਮਿਲ ਸਕਦੀ ਹੈ | ਵਾਲਮਾਰਟ ਫਲਿੱਪਕਾਰਟ 'ਚ ਵੱਡੀ ਹਿੱਸੇਦਾਰੀ 12 ਅਰਬ ਡਾਲਰ 'ਚ ਖਰੀਦਣ ਦਾ ਸੌਦਾ ਕਰਨ ਦੇ ਨੇੜੇ ਪਹੁੰਚ ਗਿਆ ਹੈ | ਵਾਲਮਾਰਟ ਦੇ ਨਿਵੇਸ਼ ਨਾਲ ਫਲਿੱਪਕਾਰਟ ਦੇ ਨਿਵੇਸ਼ਕਾਂ ਨੂੰ ਮੋਟੀ ਰਕਮ ਮਿਲਣ ਦੀ ਉਮੀਦ ਹੈ | ਵਾਲਮਾਰਟ ਅਤੇ ਫਲਿੱਪਕਾਰਟ ਦੇ ਸੌਦੇ ਨਾਲ ਫਲਿੱਪਕਾਰਟ ਦੇ ਨਿਵੇਸ਼ਕਾਂ ਟਾਈਗਰ ਗਲੋਬਲ, ਅਸੈੱਲ ਅਤੇ ਹੋਰਾਂ ਨੂੰ ਮੋਟੀ ਰਕਮ ਮਿਲਣ ਦੀ ਸੰਭਾਵਨਾ ਹੈ | ਫਲਿੱਪਕਾਰਟ 'ਚ ਟਾਈਗਰ ਗਲੋਬਲ ਦੀ 20 ਫੀਸਦੀ, ਨੈਸਪਰਸ ਦੀ 13 ਫੀਸਦੀ ਅਤੇ ਅਸੈੱਲ ਦੀ ਕਰੀਬ 6.44 ਫੀਸਦੀ ਹਿੱਸੇਦਾਰੀ ਹੈ | ਮਾਹਰਾਂ ਦਾ ਮੰਨਣਾ ਹੈ ਕਿ ਇਹ ਸਾਰੇ ਨਿਵੇਸ਼ਕ ਫਲਿੱਪਕਾਰਟ 'ਚੋਂ ਨਿਕਲਣ ਦੀ ਯੋਜਨਾ ਬਣਾ ਰਹੇ ਹਨ | ਰਿਪੋਰਟਾਂ ਮੁਤਾਬਕ, ਵਾਲਮਾਰਟ ਫਲਿੱਪਕਾਰਟ 'ਚ 55 ਫੀਸਦੀ ਤਕ ਹਿੱਸੇਦਾਰੀ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ | ਉਦਯੋਗ ਦੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਾਲਮਾਰਟ-ਫਲਿੱਪਕਾਰਟ ਦਾ ਸੌਦਾ ਹੋਣ ਨਾਲ ਟਾਈਗਰ ਗਲੋਬਲ, ਅਸੈੱਲ ਪਾਰਟਨਰਸ, ਨੈਸਪਰਸ ਸਮੇਤ ਸ਼ੁਰੂਆਤੀ ਪੜਾਅ ਦੇ ਨਿਵੇਸ਼ਕਾਂ ਨੂੰ 1.2 ਅਰਬ ਡਾਲਰ ਤੋਂ 4 ਅਰਬ ਡਾਲਰ ਤਕ ਮਿਲ ਸਕਦੇ ਹਨ |

ਜ਼ਿਕਰਯੋਗ ਹੈ ਕਿ, ਐਮਾਜ਼ੋਨ ਅਤੇ ਵਾਲਮਾਰਟ ਦੋਵੇਂ ਹੀ ਫਲਿੱਪਕਾਰਟ ਨੂੰ ਖਰੀਦਣ ਦੀ ਦੌੜ 'ਚ ਸਨ ਪਰ ਵਾਲਮਾਰਟ ਇਸ 'ਚ ਅੱਗੇ ਨਿਕਲ ਗਿਆ | ਜੇਕਰ ਐਮਾਜ਼ੋਨ ਅਤੇ ਫਲਿੱਪਕਾਰਟ ਵਿਚਕਾਰ ਸੌਦਾ ਹੁੰਦਾ, ਤਾਂ ਇਹ ਸੌਦਾ ਮੁਕਾਬੇਲਾਬਾਜ਼ੀ ਕਮਿਸ਼ਨ (ਸੀ. ਸੀ. ਆਈ.) 'ਚ ਅਟਕ ਸਕਦਾ ਸੀ | ਮੀਡੀਆ ਰਿਪੋਰਟਾਂ ਮੁਤਾਬਕ ਫਲਿੱਪਕਾਰਟ ਆਪਣੀ ਹਿੱਸੇਦਾਰੀ ਵਾਲਮਾਰਟ ਨੂੰ ਇਸ ਲਈ ਵੇਚਣਾ ਚਾਹੁੰਦੀ ਹੈ ਕਿਉਂਕਿ ਕੰਪਨੀ ਨੂੰ ਲੱਗਦਾ ਹੈ ਕਿ ਵਾਲਮਾਰਟ ਨਾਲ ਆਸਾਨੀ ਨਾਲ ਅਤੇ ਜਲਦੀ ਸੌਦਾ ਹੋ ਸਕਦਾ ਹੈ | ਵਾਲਮਾਰਟ ਫਿਲਹਾਲ ਭਾਰਤ 'ਚ ਆਨਲਾਈਨ ਸਾਮਾਨ ਨਹੀਂ ਵੇਚਦੀ ਹੈ | ਮੌਜੂਦਾ ਸਮੇਂ ਭਾਰਤ 'ਚ ਈ-ਕਾਮਰਸ ਬਾਜ਼ਾਰ 'ਤੇ ਫਲਿੱਪਕਾਰਟ ਅਤੇ ਐਮਾਜ਼ੋਨ ਵਿਚਕਾਰ ਮੁਕਾਬਲਾ ਹੈ | ਇਸ ਸੌਦੇ ਨਾਲ ਫਲਿੱਪਕਾਰਟ ਨੂੰ ਐਮਾਜ਼ੋਨ ਨਾਲ ਮੁਕਾਬਲਾ ਕਰਨ 'ਚ ਮਦਦ ਮਿਲੇਗੀ |