ਤਿਉਹਾਰੀ ਸੀਜ਼ਨ 'ਚ ਫਲਿੱਪਕਾਰਟ, ਐਮਾਜ਼ੋਨ ਦੀ ਬੰਪਰ ਹੋਈ ਸੇਲ

11/18/2019 11:26:50 AM

ਬੇਂਗਲੁਰੂ— ਫਲਿੱਪਕਾਰਟ ਤੇ ਐਮਾਜ਼ੋਨ ਨੇ ਅਕਤੂਬਰ 'ਚ 15 ਦਿਨਾਂ ਦੇ ਤਿਉਹਾਰੀ ਸੀਜ਼ਨ 'ਚ 31 ਹਜ਼ਾਰ ਕਰੋੜ ਰੁਪਏ ਦੀ ਵਿਕਰੀ ਕੀਤੀ ਹੈ। ਹਾਲਾਂਕਿ, ਰੈੱਡ ਸੀਰ ਕਨਸਲਟਿੰਗ ਕੰਪਨੀ ਮੁਤਾਬਕ ਇਹ ਅੰਕੜਾ ਅਨੁਮਾਨ ਦੇ ਹਿਸਾਬ ਤੋਂ ਘੱਟ ਹੈ। ਤਿਉਹਾਰੀ ਸੀਜ਼ਨ ਦੌਰਾਨ ਲਗਭਗ 40 ਹਜ਼ਾਰ ਕਰੋੜ ਰੁਪਏ ਦੀ ਸੇਲ ਹੋਣ ਦੀ ਉਮੀਦ ਜਤਾਈ ਜਾ ਰਹੀ ਸੀ।

ਰਿਪੋਰਟ ਮੁਤਾਬਕ, ਫਲਿੱਪਕਾਰਟ ਦੀ ਔਸਤ ਆਰਡਰ ਵੈਲਿਊ 1,976 ਰੁਪਏ ਰਹੀ, ਜਦੋਂ ਕਿ ਐਮਾਜ਼ੋਨ ਦੀ 1,461 ਰੁਪਏ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਮਹਿੰਗੇ ਸਮਾਨ ਵਾਲਮਾਰਟ ਦੀ ਈ-ਕਾਮਰਸ ਕੰਪਨੀ ਫਲਿੱਪਕਾਰਟ ਤੋਂ ਖਰੀਦੇ ਹਨ।


ਰਿਪੋਰਟ ਦਾ ਕਹਿਣਾ ਹੈ ਕਿ ਵਿਸ਼ਲੇਸ਼ਕਾਂ ਨੇ ਜਿੰਨੀ ਵਿਕਰੀ ਦਾ ਅੰਦਾਜ਼ਾ ਪ੍ਰਗਟ ਕੀਤਾ ਸੀ ਉਸ ਤੋਂ 14 ਫੀਸਦੀ ਘੱਟ ਹੀ ਵਿਕਰੀ ਹੋਈ। ਦੋਹਾਂ ਕੰਪਨੀਆਂ ਦੀ ਵਿਕਰੀ ਦਾ ਅੰਦਾਜ਼ਾ 5 ਅਰਬ ਡਾਲਰ ਦਾ ਸੀ। ਰੈੱਡਸੀਰ ਮੁਤਾਬਕ, ਐਮਾਜ਼ੋਨ 'ਤੇ ਇਲੈਕਟ੍ਰਾਨਿਕ ਤੇ ਫੈਸ਼ਲ ਆਈਟਮਜ਼ ਦੀ ਚੰਗੀ ਉਪਲੱਬਧਤਾ ਦੇ ਮੱਦੇਨਜ਼ਰ ਉਸ ਦਾ ਨੈੱਟ ਪ੍ਰੋਮੋਟਰ ਸਕੋਰ ਬਿਹਤਰ ਰਿਹਾ। ਉੱਥੇ ਹੀ, ਫਲਿੱਪਕਾਰਟ ਨੇ ਛੋਟੇ ਸ਼ਹਿਰਾਂ 'ਚ ਚੰਗੀ ਸੇਲ ਕੀਤੀ ਹੈ। ਦੋਹਾਂ ਕੰਪਨੀਆਂ 'ਚ ਸਖਤ ਟੱਕਰ ਸੀ। ਫਰਵਰੀ 'ਚ ਨਵੀਂ ਈ-ਕਾਮਰਸ ਪਾਲਿਸੀ ਲਾਗੂ ਹੋਣ ਮਗਰੋਂ ਇਹ ਪਹਿਲਾ ਤਿਉਹਾਰੀ ਸੀਜ਼ਨ ਸੀ। ਦੋਹਾਂ ਹੀ ਕੰਪਨੀਆਂ ਦਾ ਕਹਿਣਾ ਹੈ ਕਿ ਨਵੀਂ ਪਾਲਿਸੀ ਨਾਲ ਸੇਲ 'ਤੇ ਕੋਈ ਪ੍ਰਭਾਵ ਨਹੀਂ ਹੋਇਆ ਹੈ।