ਤਿਉਹਾਰੀ ਸੀਜ਼ਨ ਲਈ 1, 20,000 ਮੁਲਾਜ਼ਮ ਭਰਤੀ ਕਰੇਗੀ ਫਲਿੱਪਕਾਰਟ ਅਤੇ ਐਮਾਜ਼ੋਨ

10/29/2018 10:52:48 AM

ਨਵੀਂ ਦਿੱਲੀ — ਐਮਾਜ਼ੋਨ ਇੰਡੀਆ ਅਤੇ ਫਲਿੱਪਕਾਰਟ ਅਗਲੇ ਮਹੀਨੇ ਦੀਵਾਲੀ ਤੋਂ ਪਹਿਲਾਂ ਈਕਾਮਰਸ ਜ਼ਰੀਏ ਉਤਪਾਦ ਖਰੀਦਣ ਸੰਬੰਧੀ ਮੰਗ ਨੂੰ ਪੂਰਾ ਕਰਨ ਲਈ ਕਰੀਬ 1 ਲੱਖ 20 ਹਜ਼ਾਰ ਨਵੀਆਂ ਅਸਥਾਈ ਨੌਕਰੀਆਂ ਦੇ ਸਕਦੀ ਹੈ। ਭਰਤੀ ਕੰਪਨੀਆਂ ਅਤੇ ਐਗਜ਼ੀਕਿਊਟਿਵ ਨੇ ਦੱਸਿਆ ਕਿ ਇਹ ਪਿਛਲੇ ਸਾਲ ਦੇ ਤਿਉਹਾਰੀ ਸੀਜ਼ਨ 'ਚ ਹਾਇਰ ਕੀਤੇ ਗਏ ਭਾੜੇ ਦੇ ਲੋਕਾਂ ਤੋਂ ਦੁੱਗਣਾ ਅੰਕੜਾ ਹੈ। ਇਸ ਦੇ ਨਾਲ ਹੀ ਕੁਝ ਨੇ ਕਿਹਾ ਕਿ ਇਸ ਸੀਜ਼ਨ ਦੇ ਦੌਰਾਨ 2 ਲੱਖ ਵਾਧੂ ਆਰਜ਼ੀ ਮੁਲਾਜ਼ਮਾਂ ਦੀ ਜ਼ਰੂਰਤ ਪੈ ਸਕਦੀ ਹੈ। 

ਵਾਲਮਾਰਟ ਦੇ ਨਿਵੇਸ਼ ਵਾਲੀ ਫਲਿੱਪਕਾਰਟ ਨੇ ਤਿਉਹਾਰੀ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਉਤਪਾਦ ਦੀ ਪੇਸ਼ਕਸ਼ ਦੇ ਨਾਲ ਲੌਜਿਸਟਿਕਸ ਅਤੇ ਡਿਲਵਰੀ ਸਰਵਿਸ ਦੇਣ ਲਈ ਡਿਲਵਰੀ ਬੁਆਏ ਦੀ ਇਕ ਫੌਜ ਬਣਾਉਣ ਲਈ ਭਾਰੀ ਨਿਵੇਸ਼ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਕੰਪਨੀ ਚਾਹੁੰਦੀ ਹੈ ਕਿ ਉਸਦੇ ਸਾਰੇ ਓਪਰੇਸ਼ਨ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਹੋਣ।

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਭਰਤੀ

ਈ-ਕਾਮਰਸ ਸੈਟਕਰ ਦੀਆਂ ਇਨ੍ਹਾਂ ਦੋ ਵੱਡੀਆਂ ਕੰਪਨੀਆਂ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ  ਸੰਖਿਆ ਵਿਚ ਡਿਲਵਰੀ ਅਤੇ ਲੌਜਿਸਟਿਕਸ ਐਗਜ਼ੀਕਿਊਟਿਵ ਦੀ ਹਾਇਰਿੰਗ ਕੀਤੀ ਹੈ। ਇਨ੍ਹਾਂ ਦੋਵਾਂ ਕੰਪਨੀਆਂ ਦਾ ਮਾਰਕੀਟਿੰਗ, ਉਤਪਾਦ ਅਤੇ ਮਨੁੱਖੀ ਵਸੀਲਿਆਂ ਵਿਚ ਨਿਵੇਸ਼ ਲਈ ਇਹ ਸਾਲ ਅਜੇ ਤੱਕ ਕਾਫੀ ਚੰਗਾ ਰਿਹਾ ਹੈ। ਫਾਸਟ ਮੂਵਿੰਗ ਕੰਜ਼ਿਊਮਰ ਗੁੱਡਜ਼, ਰਿਟੇਲ, ਅਪੈਰਲ ਅਤੇ ਈ-ਕਾਮਰਸ ਦੀ ਵਧਦੀ ਮੰਗ ਕਾਰਨ ਇਸ ਸੀਜ਼ਨ ਦੌਰਾਨ ਕਰੀਬ 2 ਲੱਖ ਕਾਮਿਆਂ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਕਿਹਾ,'ਇਹ ਪਿਛਲੇ ਸਾਲ ਤੋਂ 30 ਫੀਸਦੀ ਜ਼ਿਆਦਾ ਹੈ। ਫਲਿੱਪਕਾਰਟ ਅਤੇ ਐਮਾਜ਼ੋਨ ਦਾ ਇਸ 'ਚ ਅਹਿਮ ਯੋਗਦਾਨ ਹੈ।'

ਫਲਿੱਪਕਾਰਟ ਵੇਅਰ ਹਾਊਸ ਲਈ ਬੈਂਗਲੁਰੂ ਦੇ ਨੇੜੇ ਦੇਸ਼ ਦਾ ਸਭ ਤੋਂ ਵੱਡਾ ਲਾਜਿਸਟਿਕ ਪਾਰਕ ਬਣਾਉਣ ਬਾਰੇ ਸੋਚ ਰਹੀ ਹੈ। ਇਸ ਸਹੂਲਤ ਲਈ ਸਾਲ 2020 ਤੱਕ 5000 ਲੋਕਾਂ ਨੂੰ ਸਿੱਧੇ ਅਤੇ 15 ਹਜ਼ਾਰ ਲੋਕਾਂ ਨੂੰ ਅਸਿੱਧੇ ਤੌਰ 'ਤੇ ਰੋਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਕਈ ਹੋਰ ਵੇਅਰਹਾਊਸ ਅਤੇ ਸੋਰਟਿੰਗ ਸੈਂਟਰ ਨੂੰ ਖੋਲ੍ਹਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ।