ਦੇਸ਼ ''ਚ ਉਡਾਣਾਂ ਦੀ ਗਿਣਤੀ ਹੁਣ 500 ਤੋਂ ਪਾਰ ਪੁੱਜੀ

05/30/2020 3:16:06 PM

ਨਵੀਂ ਦਿੱਲੀ—  ਘਰੇਲੂ ਯਾਤਰੀ ਉਡਾਣਾਂ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੀ ਵਾਰ ਇਨ੍ਹਾਂ ਦੀ ਗਿਣਤੀ 500 ਤੋਂ ਪਾਰ ਪਹੁੰਚ ਗਈ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ ਕੁੱਲ 513 ਉਡਾਣਾਂ ਰਵਾਨਾ ਹੋਈਆਂ। ਇਨ੍ਹਾਂ 'ਚ 39,959 ਲੋਕਾਂ ਨੇ ਸਫਰ ਕੀਤਾ। ਦੋ ਮਹੀਨਿਆਂ ਮਗਰੋਂ 25 ਮਈ ਨੂੰ ਯਾਤਰੀ ਉਡਾਣਾਂ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਇਹ ਗਿਣਤੀ ਕਾਫੀ ਜ਼ਿਆਦਾ ਹੈ।
ਜ਼ਿਕਰਯੋਗ ਹੈ ਕਿ 28 ਮਈ ਨੂੰ ਪੱਛਮੀ ਬੰਗਾਲ 'ਚ ਵੀ ਯਾਤਰੀ ਉਡਾਣ ਸੇਵਾਵਾਂ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਪੂਰੇ ਦੇਸ਼ 'ਚ ਯਾਤਰੀ ਜਹਾਜ਼ਾਂ ਦੀ ਸੇਵਾ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਨੇ ਆਮ ਤੋਂ ਇਕ-ਤਿਹਾਈ ਉਡਾਣਾਂ ਚਲਾਉਣ ਦੀ ਹੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ, ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਮੁੰਬਈ ਅਤੇ ਚੇਨਈ ਵਰਗੇ ਸ਼ਹਿਰਾਂ ਅਤੇ ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਵਰਗੇ ਸੂਬਿਆਂ 'ਚ ਸੂਬਾ ਸਰਕਾਰਾਂ ਨੇ ਉਡਾਣਾਂ ਦੀ ਗਿਣਤੀ 'ਚ ਹੋਰ ਕਟੌਤੀ ਕੀਤੀ ਹੈ। ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਮੰਨਣਾ ਹੈ ਕਿ ਘਰੇਲੂ ਉਡਾਣਾਂ ਦਾ ਸੰਚਾਲਨ ਦੀਵਾਲੀ ਤੱਕ ਆਮ ਵਾਂਗ ਵਾਪਸ ਆ ਸਕਦਾ ਹੈ।

Sanjeev

This news is Content Editor Sanjeev