ਵਿੱਤ ਮੰਤਰੀ ਦੇ ਪੈਕੇਜ ਨਾਲ ਕਾਰੋਬਾਰੀਆਂ ਦੀ ਬੱਲੇ-ਬੱਲੇ, ਦੀਵਾਲੀ ’ਤੇ ਵਧੇਗਾ ਵਪਾਰ

10/12/2020 10:45:13 PM

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕੋਵਿਡ-19 ਕਾਰਨ ਅਰਥਵਿਵਸਥਾ 'ਚ ਛਾਈ ਸੁਸਤੀ ਨੂੰ ਦੂਰ ਕਰਨ ਲਈ ਕੇਂਦਰੀ ਮੁਲਾਜ਼ਮਾਂ ਲਈ ਸੋਮਵਾਰ ਨੂੰ ਕੀਤੇ ਗਏ ਪ੍ਰੋਤਸਾਹਨ ਪੈਕੇਜਾਂ ਦੀ ਘੋਸ਼ਣਾ ਨਾਲ ਕਾਰੋਬਾਰੀਆਂ 'ਚ ਉਤਸ਼ਾਹ ਦਾ ਮਾਹੌਲ ਹੈ।

ਸਰਬ ਭਾਰਤੀ ਵਪਾਰੀ ਸੰਗਠਨ (ਕੈਟ) ਦਾ ਕਹਿਣਾ ਹੈ ਕਿ ਇਸ ਨਾਲ ਆਉਂਦੀ ਦੀਵਾਲੀ ਦੇ ਤਿਉਹਾਰ 'ਚ ਘਰੇਲੂ ਮੰਗ ਨੂੰ ਵਾਧਾ ਮਿਲਣ ਦੀ ਵੱਡੀ ਸੰਭਾਵਨਾ ਹੈ। ਕੈਟ ਦਾ ਕਹਿਣਾ ਹੈ ਕਿ ਇਸ ਸਮੇਂ ਦੇਸ਼ ਭਰ ਦਾ ਵਪਾਰ ਵਿੱਤੀ ਸਮੱਸਿਆਵਾਂ 'ਚ ਉਲਝਿਆ ਹੋਇਆ ਹੈ। ਅਜਿਹੇ 'ਚ ਇਹ ਕਦਮ ਵਪਾਰ 'ਚ ਪੈਸੇ ਦੇ ਚੱਕਰ 'ਚ ਵਾਧਾ ਲਿਆਵੇਗਾ। ਕੈਟ ਨੇ ਕਿਹਾ ਕਿ ਇਹ ਪੈਕੇਜ ਦੇਸ਼ ਨੂੰ ਇਸ ਸਾਲ ਦੀ ਦੀਵਾਲੀ ਨੂੰ ਹਿੰਦੁਸਤਾਨੀ ਦੀਵਾਲੀ ਦੇ ਰੂਪ 'ਚ ਮਨਾਉਣ 'ਚ ਵੱਡਾ ਯੋਗਦਾਨ ਦੇਵੇਗਾ।

ਇਸ ਪੈਕੇਜ ਨਾਲ ਵਿਸ਼ੇਸ਼ ਤੌਰ 'ਤੇ ਘਰੇਲੂ ਯੰਤਰਾਂ, ਬਿਜਲੀ ਅਤੇ ਇਲੈਕਟ੍ਰਾਨਿਕ ਯੰਤਰਾਂ, ਰਸੋਈ ਦੇ ਸਾਜੋ-ਸਾਮਾਨਾਂ, ਐੱਫ. ਐੱਮ. ਜੀ. ਸੀ. ਉਤਪਾਦਾਂ, ਖਪਤਕਾਰ ਵਸਤਾਂ, ਕੱਪੜੇ ਅਤੇ ਰੈਡੀਮੇਡ ਕੱਪੜਿਆਂ, ਮੋਬਾਈਲ, ਜੁੱਤੀਆਂ ਅਤੇ ਗਿਫਟ ਆਈਟਮਸ ਦਾ ਵਪਾਰ ਵਧਣ ਦੀ ਉਮੀਦ ਹੈ।

ਕਰਮਚਾਰੀਆਂ ਦੀ ਖਰਚ ਸ਼ਕਤੀ 'ਚ ਹੋਵੇਗਾ ਵਾਧਾ-
ਸਰਕਾਰ ਨੇ ਵਿਸ਼ੇਸ਼ ਤਿਉਹਾਰੀ ਅਡਵਾਂਸ ਸਕੀਮ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਤਹਿਤ ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮ ਤਿਉਹਾਰੀ ਮੌਸਮ 'ਚ ਖਰਚ ਲਈ 10,000 ਰੁਪਏ ਤੱਕ ਦੀ ਰਕਮ ਅਗਾਊਂ ਲੈ ਸਕਦੇ ਹਨ, ਜਿਸ 'ਤੇ ਕੋਈ ਵਿਆਜ ਨਹੀਂ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਐੱਲ. ਟੀ. ਸੀ. ਵਾਊਚਰ ਦੀ ਜਗ੍ਹਾ ਨਕਦ ਭੁਗਤਾਨ ਮਿਲੇਗਾ। ਇਸ ਰਾਸ਼ੀ ਨੂੰ ਉਨ੍ਹਾਂ ਨੂੰ 31 ਮਾਰਚ ਤੱਕ 2021 ਖਰੀਦਦਾਰੀ ਲਈ ਖਰਚ ਕਰਨਾ ਹੋਵੇਗਾ। ਸਰਕਾਰ ਦੇ ਇਸ ਐਲਾਨ 'ਤੇ ਕੈਟ ਦੇ ਰਾਸ਼ਟਰੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਸ ਨਾਲ ਤਿਉਹਾਰਾਂ ਦੇ ਮੌਕੇ 'ਤੇ ਸਰਕਾਰੀ ਕਰਮਚਾਰੀਆਂ ਦੀ ਖਰਚ ਸ਼ਕਤੀ ਮਜਬੂਤ ਹੋਵੇਗੀ। ਇਹ ਪੈਸਾ ਬਾਜ਼ਾਰ 'ਚ ਆਵੇਗਾ ਤੇ ਵਪਾਰ ਵਧੇਗਾ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰਾਂ ਵੀ ਇਸ ਯੋਜਨਾ ਨੂੰ ਅਪਣਾਉਂਦੀਆਂ ਹਨ ਤਾਂ ਹੋਰ ਜ਼ਿਆਦਾ ਪੈਸਾ ਬਾਜ਼ਾਰ 'ਚ ਆਵੇਗਾ। ਇਸ ਨਾਲ ਮੰਗ ਹੋਰ ਮਜਬੂਤ ਹੋਵੇਗੀ।

Sanjeev

This news is Content Editor Sanjeev