ਰਿਟਰਨ ਭਰਨ ਲਈ ਥੋੜ੍ਹੇ ਹੀ ਦਿਨ ਬਾਕੀ, ਦੇਰੀ 'ਤੇ ਲੱਗੇਗਾ ਇੰਨਾ ਜੁਰਮਾਨਾ

08/22/2019 1:21:48 PM

ਨਵੀਂ ਦਿੱਲੀ— ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਤਰੀਕ ਬਿਲਕੁਲ ਨਜ਼ਦੀਕ ਹੈ। ਜੇਕਰ ਤੁਸੀਂ ਹੁਣ ਤਕ ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਨਹੀਂ ਸਬਮਿਟ ਕੀਤੀ ਹੈ ਤਾਂ ਕਰ ਦਿਓ ਕਿਉਂਕਿ ਲਾਸਟ ਮਿੰਟ 'ਚ ਕਾਹਲੀ 'ਚ ਕੋਈ ਨਾ ਕੋਈ ਗਲਤੀ ਜਾਂ ਫਿਰ  ਰਿਟਰਨ ਭਰਨ 'ਚ ਮੁਸ਼ਕਲ ਹੋ ਸਕਦੀ ਹੈ। 

 

ਇਨਕਮ ਟੈਕਸ ਵਿਭਾਗ ਨੇ ਵਿੱਤੀ ਸਾਲ 2018-19 ਦੀ ਰਿਟਰਨ ਫਾਈਲ ਕਰਨ ਦੀ ਅੰਤਿਮ ਤਰੀਕ 31 ਅਗਸਤ 2019 ਨਿਰਧਾਰਤ ਕੀਤੀ ਹੋਈ ਹੈ। ਇਸ ਤਰੀਕ ਤਕ ਰਿਟਰਨ ਫਾਈਲ ਕਰ ਦਿੰਦੇ ਹੋ ਤਾਂ ਤੁਹਾਨੂੰ ਕੋਈ ਜੁਰਮਾਨਾ ਨਹੀਂ ਲੱਗੇਗਾ।

 

 

ਕੀ 31 Aug ਮਗਰੋਂ ਰਿਟਰਨ ਦਾਖਲ ਕਰਨਾ ਸੰਭਵ ਹੈ?
ਕੋਈ ਵੀ ਨਿਰਧਾਰਤ ਮਿਤੀ (31 ਅਗਸਤ) ਤੋਂ ਬਾਅਦ ਇਨਕਮ ਟੈਕਸ ਰਿਟਰਨ ਦਾਖਲ ਕਰ ਸਕਦਾ ਹੈ। ਹਾਲਾਂਕਿ, ਇਨਕਮ ਟੈਕਸ ਵਿਭਾਗ ਮੁਤਾਬਕ, ਦੇਰੀ ਨਾਲ ਫਾਈਲ ਕੀਤੀ ਜਾਣ ਵਾਲੀ ਰਿਟਰਨ ਲਈ 10,000 ਰੁਪਏ ਤਕ ਦਾ ਜੁਰਮਾਨਾ ਲਾਉਣ ਦੀ ਵਿਵਸਥਾ ਹੈ। ਹੁਣ ਨਿਰਧਾਰਤ ਹੋਈ ਤਰੀਕ ਹੱਥੋਂ ਨਿਕਲ ਜਾਂਦੀ ਹੈ ਤੇ ਦਸੰਬਰ ਤਕ ਦੇਰੀ ਨਾਲ ਰਿਟਰਨ ਸਬਮਿਟ ਕਰਦੇ ਹੋ ਤਾਂ 5,000 ਰੁਪਏ ਦੀ ਲੇਟ ਫੀਸ ਲੱਗੇਗੀ। ਸਾਲਾਨਾ ਇਨਕਮ ਪੰਜ ਲੱਖ ਰੁਪਏ ਤੋਂ ਵੱਧ ਨਹੀਂ ਹੈ ਤਾਂ ਜੁਰਮਾਨੇ ਦੀ ਰਕਮ 1,000 ਰੁਪਏ ਲਾਗੂ ਹੋਵੇਗੀ।

ਉੱਥੇ ਹੀ, 31 ਦਸੰਬਰ ਤਕ ਵੀ ਇਨਕਮ ਟੈਕਸ ਰਿਟਰਨ ਫਾਈਲ ਨਾ ਕਰਨ 'ਤੇ 10 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਭਾਰੀ ਜੁਰਮਾਨੇ ਤੋਂ ਬਚਣ ਲਈ ਅੰਤਿਮ ਤਰੀਕ ਸਮਾਪਤ ਹੋਣ ਦੀ ਉਡੀਕ ਨਾ ਕਰੋ। ਜਿਨ੍ਹਾਂ ਦੀ ਸਾਲਾਨਾ ਇਨਕਮ 2.5 ਲੱਖ ਰੁਪਏ ਜਾਂ ਇਸ ਤੋਂ ਵੱਧ ਹੈ ਉਨ੍ਹਾਂ ਲਈ ਇਨਕਮ ਟੈਕਸ ਰਿਟਰਨ ਭਰਨਾ ਜ਼ਰੂਰੀ ਹੈ। ਉੱਥੇ ਹੀ 60 ਸਾਲ ਤੇ 80 ਸਾਲ ਵਿਚਕਾਰ ਦੀ ਉਮਰ ਵਾਲੇ ਲੋਕਾਂ ਲਈ ਲਿਮਟ 3 ਲੱਖ ਰੁਪਏ ਹੈ, ਜਦੋਂ ਕਿ 80 ਸਾਲ ਤੋਂ ਵੱਧ ਦੀ ਉਮਰ ਵਾਲੇ ਲੋਕਾਂ ਲਈ ਲਿਮਟ 5 ਲੱਖ ਰੁਪਏ ਸਾਲਾਨਾ ਹੈ।