ਪਿਆਜ਼ ਖਰੀਦ ਬੰਦ ਹੋਣ ਨਾਲ ਨਾਰਾਜ਼ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

06/29/2017 3:40:03 AM

ਭੋਪਾਲ — ਰਾਜਧਾਨੀ ਦੀ ਕਰੋਂਦ ਸਥਿਤ ਖੇਤੀ ਉਪਜ ਮੰਡੀ 'ਚ ਬੁੱਧਵਾਰ ਨੂੰ ਪਿਆਜ਼ ਦੀ ਖਰੀਦੀ ਨਾ ਹੋਣ ਤੋਂ ਨਾਰਾਜ਼ ਕਿਸਾਨਾਂ ਨੇ ਮੰਡੀ ਦਫਤਰ 'ਚ ਪ੍ਰਦਰਸ਼ਨ ਕੀਤਾ। ਦਰਅਸਲ, ਮੰਡੀ ਕੰਪਲੈਕਸ 'ਚ ਪਿਆਜ਼ ਦੇ ਭੰਡਾਰ ਲਈ ਸ਼ੈੱਡ ਦੀ ਵਿਵਸਥਾ ਨਾ ਹੋਣ ਅਤੇ ਸੀਨੀਅਰ ਅਫਸਰਾਂ ਵਲੋਂ ਖੁੱਲ੍ਹੇ ਪਿਆਜ਼ ਰੱਖਣ ਦੇ ਸਖਤ ਨਿਰਦੇਸ਼ ਕਾਰਨ ਪਿਆਜ਼ ਦੀ ਖਰੀਦ ਨਹੀਂ ਕੀਤੀ ਜਾ ਰਹੀ ਹੈ। ਹਾਲਾਂਕਿ ਸ਼ਾਮ ਨੂੰ ਸ਼ੈੱਡ ਉੱਪਲਬਧ ਹੋਣ ਤੋਂ ਬਾਅਦ ਪਿਆਜ਼ ਦੀ ਖਰੀਦ ਕੀਤੀ ਗਈ। ਕਰੋਂਦ ਸਥਿਤ ਮੰਡੀ 'ਚ ਬੁੱਧਵਾਰ ਨੂੰ ਵੀ ਸਵੇਰ ਤੋਂ ਹੀ ਸਰਕਾਰੀ ਦਰ 'ਤੇ ਪਿਆਜ਼ ਵੇਚਣ ਲਈ ਕਿਸਾਨਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਦੁਪਹਿਰ ਤੱਕ ਇੱਥੇ ਲੱਗਭਗ ਸਾਢੇ 3 ਸੌ ਟਰਾਲੀਆਂ ਪਿਆਜ਼ ਪਹੁੰਚ ਚੁੱਕੀਆਂ ਹਨ। ਪਰ ਇਸੇ ਵਿਚਾਲੇ ਖਰੀਦ ਦਾ ਜ਼ਿੰਮਾ ਸੰਭਾਲ ਰਹੇ ਮਾਰਕਫੈੱਡ ਦੇ ਅਮਲੇ ਨੇ ਵੀ ਇਕ ਟਰਾਲੀ ਪਿਆਜ਼ ਦੀ ਤੁਲਾਈ ਨਹੀਂ ਕਰਾਈ ਸੀ। ਅਮਲੇ ਦਾ ਕਹਿਣਾ ਸੀ ਕਿ ਪਿਆਜ਼ ਰੱਖਣ ਲਈ ਸ਼ੈੱਡ ਦੀ ਵਿਵਸਥਾ ਹੋਣ ਤੋਂ ਬਾਅਦ ਹੀ ਪਿਆਜ਼ ਦੀ ਤੁਲਾਈ ਕੀਤੀ ਜਾਵੇਗੀ। ਉੱਥੇ ਹੀ ਕਰਮਚਾਰੀ ਜਲਦੀ ਹੀ ਸ਼ੈੱਡ ਦੀ ਵਿਵਸਥਾ ਦਾ ਭਰੋਸਾ ਦਿੰਦੇ ਰਹੇ। ਪਰ ਸ਼ਾਮ ਤੱਕ ਵੀ ਪਿਆਜ਼ ਦੀ ਖਰੀਦ ਸ਼ੁਰੂ ਨਹੀਂ ਹੋਈ ਤਾਂ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਨ੍ਹਾਂ ਨੇ ਪਹਿਲਾਂ ਮੰਡੀ ਕੰਪਲੈਕਸ 'ਚ ਹੰਗਾਮਾ ਕੀਤਾ ਅਤੇ ਫਿਰ ਮੰਡੀ ਦਫਤਰ 'ਚ ਪਹੁੰਚ ਕੇ ਨਾਅਰੇਬਾਜ਼ੀ ਕੀਤੀ। ਇੱਥੇ ਮੰਡੀ ਸਕੱਤਰ ਵਿਨੇ ਪ੍ਰਕਾਸ਼ ਪਟੇਰੀਆ ਵਲੋਂ ਜਲਦ ਹੀ ਸ਼ੈੱਡ ਉੱਪਲਬਧ ਕਰਾਉਣ ਦਾ ਭਰੋਸਾ ਦਿੱਤਾ ਤਦ ਜਾ ਕੇ ਕਿਸਾਨ ਸ਼ਾਂਤ ਹੋਏ।