ਕਿਸਾਨ ਰੁਲ ਰਹੇ ਸੜਕਾਂ 'ਤੇ, ਨੇਤਾਵਾਂ ਦੀ ਦੁਗਣੀ ਹੋਈ ਤਨਖਾਹ!

07/20/2017 3:44:45 PM

ਨਵੀਂ ਦਿੱਲੀ— ਕਿਸਾਨਾਂ ਦੇ ਮੁੱਦੇ 'ਤੇ ਅਕਸਰ ਹੁੰਦੀ ਰਾਜਨੀਤੀ ਨੇ ਕਿਸਾਨਾਂ ਦੀਆਂ ਉਮੀਦਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਉਹ ਕਿਸਾਨ ਜਿਨ੍ਹਾਂ ਦੀ ਆਮਦਨ ਦਾ ਸਰੋਤ ਸਿਰਫ ਖੇਤੀਬਾੜੀ ਹੈ, ਉਨ੍ਹਾਂ ਵੱਲ ਸਰਕਾਰਾਂ ਕਿੰਨਾ ਧਿਆਨ ਦੇ ਰਹੀਆਂ ਹਨ, ਇਹ ਸਭ ਜਾਣਦੇ ਹਨ। ਦੇਸ਼ ਭਰ 'ਚ ਕਿਸਾਨਾਂ ਦੀ ਆਤਮਹੱਤਿਆ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ ਕਿ ਇਸੇ ਵਿਚਕਾਰ ਨੇਤਾਵਾਂ ਨੂੰ ਆਪਣੇ ਤਨਖਾਹ-ਭੱਤਿਆਂ ਦੀ ਯਾਦ ਆ ਗਈ ਹੈ। ਦਿੱਲੀ 'ਚ ਕਿਸਾਨਾਂ ਦੇ ਧਰਨੇ ਵਿਚਕਾਰ ਤਾਮਿਲਨਾਡੂ ਦੇ ਐੱਮ. ਐੱਲ. ਏਜ਼. ਨੇ ਆਪਣੀਆਂ ਤਨਖਾਹਾਂ ਵਧਾ ਕੇ ਦੁਗਣੀਆਂ ਕਰ ਲਈਆਂ ਹਨ। ਹੁਣ ਇਨ੍ਹਾਂ ਐੱਮ. ਐੱਲ. ਏਜ਼. ਨੂੰ 55,000 ਰੁਪਏ ਦੀ ਥਾਂ 1,05,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਇਹੀ ਨਹੀਂ ਉਨ੍ਹਾਂ ਦੀ ਪੈਨਸ਼ਨ ਵੀ 12 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਤਨਖਾਹਾਂ 'ਚ ਇਹ ਭਾਰੀ ਵਾਧਾ ਉਦੋਂ ਕੀਤਾ ਗਿਆ ਹੈ, ਜਦੋਂ ਸੂਬੇ ਦੇ ਕਿਸਾਨ ਆਪਣੇ ਕਰਜ਼ਾ ਮਾਫੀ ਨੂੰ ਲੈ ਕੇ ਧਰਨੇ ਦੇ ਰਹੇ ਹਨ। 
ਕਿਸਾਨਾਂ ਤੋਂ ਪਹਿਲਾਂ ਸਾਂਸਦਾਂ ਨੂੰ ਵੀ ਯਾਦ ਆਈ ਤਨਖਾਹ
ਉੱਥੇ ਹੀ ਕੱਲ ਰਾਜ ਸਭਾ 'ਚ ਵੀ ਕਿਸਾਨਾਂ ਦੀ ਆਤਮਹੱਤਿਆ ਸਮੇਤ ਖੇਤੀਬਾੜੀ ਖੇਤਰ ਦੇ ਮੁੱਦਿਆਂ 'ਤੇ ਚਰਚਾ ਤੋਂ ਪਹਿਲਾਂ ਸਾਂਸਦਾਂ ਨੂੰ ਆਪਣੇ ਤਨਖਾਹ-ਭੱਤਿਆਂ ਦੀ ਯਾਦ ਆ ਗਈ। ਬੁੱਧਵਾਰ ਨੂੰ ਲੋਕ ਸਭਾ ਦੀ ਕਾਰਵਾਈ ਜਿੱਥੇ ਹੰਗਾਮੇ ਨਾਲ ਸ਼ੁਰੂ ਹੋਈ, ਉੱਥੇ ਹੀ, ਰਾਜ ਸਭਾ ਦੀ ਸ਼ੁਰੂਆਤ ਸਾਂਸਦਾਂ ਦੀ ਤਨਖਾਹ ਵਧਾਉਣ ਦੀ ਮੰਗ ਨਾਲ ਹੋਈ। ਸਪਾ ਸਾਂਸਦ ਨਰੇਸ਼ ਅਗਰਵਾਲ ਨੇ ਇਸ ਦੀ ਸ਼ੁਰੂਆਤ ਕੀਤੀ। ਬਾਅਦ 'ਚ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਵੀ ਇਸ 'ਤੇ ਸਹਿਮਤੀ ਪ੍ਰਗਟਾਉਂਦੇ ਹੋਏ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਨਰੇਸ਼ ਅਗਰਵਾਲ ਨੇ ਕਿਹਾ, ''ਅਜਿਹਾ ਕਿਹਾ ਜਾਂਦਾ ਹੈ ਕਿ ਦੇਸ਼ ਦਾ ਸਭ ਕੁਝ ਸਾਂਸਦ ਖਾ ਰਹੇ ਹਨ, ਮੁਫਤ ਘੁੰਮ ਰਹੇ ਹਨ। ਜਦੋਂ ਕਿ ਅਸਲ 'ਚ ਸਾਡੀ ਤਨਖਾਹ ਸਾਡੇ ਸੈਕਟਰੀ ਤੋਂ ਵੀ ਘੱਟ ਹੈ।''
2015 'ਚ 12 ਹਜ਼ਾਰ ਤੋਂ ਵਧ ਕਿਸਾਨਾਂ ਨੇ ਦਿੱਤੀ ਜਾਨ
ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ, ਸਾਲ 2015 ਦੌਰਾਨ 12,602 ਕਿਸਾਨਾਂ ਨੇ ਆਤਮਹੱਤਿਆ ਕੀਤੀ। ਇਸ ਮਾਮਲੇ 'ਚ ਸਭ ਤੋਂ ਉਪਰ ਨਾਮ ਮਹਾਰਾਸ਼ਟਰ ਦਾ ਰਿਹਾ, ਜਿੱਥੇ ਉਸ ਸਾਲ 4,291 ਕਿਸਾਨਾਂ ਨੇ ਜਾਨ ਦਿੱਤੀ। ਦੂਜੇ ਨੰਬਰ 'ਤੇ ਕਰਨਾਟਕ 'ਚ 1,569 ਅਤੇ ਫਿਰ ਤੇਲੰਗਾਨਾ 'ਚ 1400, ਮੱਧ ਪ੍ਰਦੇਸ਼ 'ਚ 1290, ਛੱਤੀਸਗੜ੍ਹ 'ਚ 954 ਅਤੇ ਆਂਧਰਾ ਪ੍ਰਦੇਸ਼ 'ਚ 916 ਅਤੇ ਤਾਮਿਲਨਾਡੂ 'ਚ 606 ਕਿਸਾਨਾਂ ਨੇ ਆਤਮਹੱਤਿਆ ਕੀਤੀ।