ਅਪ੍ਰੈਲ ’ਚ ਬਰਾਮਦ 40 ਅਰਬ ਡਾਲਰ ਦੇ ਪਾਰ, ਵਪਾਰ ਘਾਟਾ ਵੀ ਵਧ ਕੇ 20 ਅਰਬ ਡਾਲਰ ਤੋਂ ਹੋਇਆ ਜ਼ਿਆਦਾ

05/14/2022 11:20:42 AM

ਨਵੀਂ ਦਿੱਲੀ (ਭਾਸ਼ਾ) - ਬਰਾਮਦ ਦੇ ਮੋਰਚੇ ’ਤੇ ਭਾਰਤ ਦੀ ਸਫਲਤਾ ਜਾਰੀ ਹੈ। ਵਿੱਤ ਸਾਲ 2021-22 ’ਚ ਰਿਕਾਰਡ ਬਰਾਮਦ ਤੋਂ ਬਾਅਦ ਵਿੱਤੀ ਸਾਲ 2022-23 ਦੇ ਪਹਿਲੇ ਮਹੀਨੇ ਅਪ੍ਰੈਲ ’ਚ ਵੀ ਇਸ ’ਚ ਚੰਗੀ-ਖਾਸਾ ਵਾਧਾ ਦਰਜ ਕੀਤਾ ਗਿਆ ਹੈ। ਅਪ੍ਰੈਲ 2022 ’ਚ ਦੇਸ਼ ਤੋਂ ਵਸਤਾਂ ਦੀ ਬਰਾਮਦ ’ਚ 30 .7 ਫੀਸਦੀ ਦਾ ਵਾਧਾ ਦਰਜ ਕੀਤੀ ਗਿਆ ਹੈ। ਵਣਜ ਮੰਤਰਾਲਾ ਵਲੋਂ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਵਣਜ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਅਪ੍ਰੈਲ 2022 ’ਚ ਬਰਾਮਦ 40 ਅਰਬ ਡਾਲਰ ਨੂੰ ਪਾਰ ਕਰ ਕੇ ਨਵੀਂ ਉੱਚਾਈ ’ਤੇ ਪਹੁੰਚ ਗਈ ਹੈ। ਹਾਲਾਂਕਿ ਇਸ ਮਹੀਨੇ ਦਰਾਮਦ ’ਚ ਵੀ ਭਾਰੀ ਵਾਧਾ ਹੋਇਆ ਹੈ, ਜਿਸ ਵਜ੍ਹਾ ਨਾਲ ਵਪਾਰ ਘਾਟਾ ਵਧ ਕੇ 20 ਅਰਬ ਡਾਲਰ ਦੇ ਪਾਰ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : Elon Musk ਦੀ Twitter ਡੀਲ ਫ਼ਿਲਹਾਲ ਰੁਕੀ, ਜਾਣੋ ਵਜ੍ਹਾ

ਸਰਵਿਸਿਜ਼ ਐਕਸਪੋਰਟ ’ਚ ਵੀ ਵਾਧਾ

ਅੰਕੜਿਆਂ ਮੁਤਾਬਕ ਅਪ੍ਰੈਲ 2022 ’ਚ ਪੈਟਰੋਲੀਅਮ ਪ੍ਰੋਡਕਟਸ, ਇਲੈਕਟ੍ਰਾਨਿਕ ਗੁੱਡਸ, ਅਨਾਜ ਤੇ ਕੌਫ਼ੀ ਦੀ ਬਰਾਮਦ ’ਚ ਖਾਸਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਵਜ੍ਹਾ ਨਾਲ ਬਰਾਮਦ ਵਧ ਕੇ 40.19 ਅਰਬ ਡਾਲਰ ’ਤੇ ਪਹੁੰਚ ਗਈ ਹੈ। ਇਸ ਦੇ ਇਲਾਵਾ ਸਰਵਿਸਿਜ਼ ਐਕਸਪੋਰਟਸ ’ਚ ਵੀ 53 ਫੀਸਦੀ ਦਾ ਸ਼ਾਨਦਾਰ ਵਾਧਾ ਹੋਇਆ ਹੈ। ਅਪ੍ਰੈਲ ’ਚ ਇਹ 27.60 ਅਰਬ ਡਾਲਰ ਰਿਹਾ ਹੈ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਵਸਤਾਂ ਤੇ ਸੇਵਾਵਾਂ ਦੀ ਕੁੱਲ ਬਰਾਮਦ 67.79 ਅਰਬ ਡਾਲਰ ਰਹੀ ਹੈ। ਇਹ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 38.9 ਫੀਸਦੀ ਜ਼ਿਆਦਾ ਹੈ।

ਪੈਟਰੋਲੀਅਮ ਪ੍ਰੋਡਕਟਸ ਦੀ ਬਰਾਮਦ ਸਭ ਤੋਂ ਜ਼ਿਆਦਾ ਵਧੀ

ਪੈਟਰੋਲੀਅਮ ਪ੍ਰੋਡਕਟਸ ਦੀ ਬਰਾਮਦ ’ਚ 127.69 ਫੀਸਦੀ ਦੀ ਜ਼ਬਰਦਸਤ ਤੇਜ਼ੀ ਆਈ ਹੈ। ਇਸ ਤੋਂ ਬਾਅਦ ਇਲੈਕਟ੍ਰਾਨਿਕ ਗੁੱਡਸ ਦੀ ਬਰਾਮਦ 71.69 ਫੀਸਦੀ ਵਧੀ ਹੈ, ਜਦੋਂ ਕਿ ਅਨਾਜ ਦੀ ਬਰਾਮਦ ’ਚ 60.83 ਫੀਸਦੀ ਤੇ ਕੌਫ਼ੀ ਦੀ ਬਰਾਮਦ ’ਚ 59.38 ਫੀਸਦੀ ਦਾ ਉਛਾਲ ਆਇਆ ਹੈ। ਪ੍ਰੋਸੈਸਡ ਫੂਡ ’ਚ 38.82 ਫੀਸਦੀ ਤੇ ਲੈਦਰ ਪ੍ਰੋਡਕਟ ਦੀ ਬਰਾਮਦ ’ਚ 36.68 ਫੀਸਦੀ ਦਾ ਵਾਧਾ ਅਪ੍ਰੈਲ ਮਹੀਨੇ ’ਚ ਦਰਜ ਕੀਤੀ ਗਿਆ ਹੈ। ਇੰਜੀਨੀਅਰਿੰਗ ਵਸਤਾਂ ਦੀ ਬਰਾਮਦ 15.38 ਫੀਸਦੀ ਵਧ ਕੇ 9.2 ਅਰਬ ਡਾਲਰ ਹੋ ਗਈ।

ਇਹ ਵੀ ਪੜ੍ਹੋ : ਸਰਕਾਰ ਨੇ ਸੋਧੇ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਨਿਯਮ, 1 ਜੁਲਾਈ ਤੋਂ ਹੋਣਗੇ ਲਾਗੂ

ਦਰਾਮਦ ’ਚ ਵੀ ਹੋਇਆ ਵਾਧਾ

ਹਾਲਾਂਕਿ ਅਪ੍ਰੈਲ ’ਚ ਵਿਦੇਸ਼ ਤੋਂ ਆਏ ਸਾਮਾਨਾਂ ਯਾਨੀ ਦਰਾਮਦ ਦੀ ਵਾਧਾ ਦਰ ਵੀ ਕਾਫ਼ੀ ਤੇਜ਼ ਰਹੀ ਹੈ। ਦਰਾਮਦ ’ਚ 30.97 ਫੀਸਦੀ ਦਾ ਵਾਧਾ ਹੋਇਆ ਤੇ ਇਹ 60.3 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਇਸ ਵਜ੍ਹਾ ਨਾਲ ਵਪਾਰ ਘਾਟਾ ਵਧ ਕੇ 20.11 ਅਰਬ ਡਾਲਰ ਹੋ ਗਿਆ ਹੈ। ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ’ਚ ਵਪਾਰ ਘਾਟਾ 15.29 ਅਰਬ ਡਾਲਰ ਰਿਹਾ ਸੀ। ਅਪ੍ਰੈਲ ’ਚ ਪੈਟਰੋਲੀਅਮ ਅਤੇ ਕੱਚੇ ਤੇਲ ਦੀ ਦਰਾਮਦ 87.54 ਫੀਸਦੀ ਵਧ ਕੇ 20.2 ਅਰਬ ਡਾਲਰ ਹੋ ਗਈ। ਕੋਲਾ, ਕੋਕ ਤੇ ਬ੍ਰਿਕੇਟਸ (ਕੋਇਲੇ ਦੀ ਇੱਟ) ਦੀ ਦਰਾਮਦ ਵਧ ਕੇ 4.93 ਅਰਬ ਡਾਲਰ ’ਤੇ ਪਹੁੰਚ ਗਈ, ਜੋ ਅਪ੍ਰੈਲ 2021 ’ਚ 2 ਅਰਬ ਡਾਲਰ ਸੀ। ਉੱਥੇ ਹੀ, ਸੋਨੇ ਦ ਦਰਾਮਦ ਲੱਗਭੱਗ 72 ਫੀਸਦੀ ਘੱਟ ਕੇ 1.72 ਅਰਬ ਡਾਲਰ ਰਹਿ ਗਈ। ਅਪ੍ਰੈਲ 2021 ’ਚ ਦੇਸ਼ ’ਚ 6.23 ਅਰਬ ਡਾਲਰ ਦਾ ਸੋਨਾ ਵਿਦੇਸ਼ਾਂ ਤੋਂ ਆਇਆ ਸੀ।

ਇਹ ਵੀ ਪੜ੍ਹੋ : ਬਿਸਕੁੱਟ-ਨਮਕੀਨ ਦੇ ਪੈਕੇਟ ਦੀ ਕੀਮਤ ਵਧੇ ਬਿਨਾਂ ਹੋਏ ਮਹਿੰਗੇ, ਕੰਪਨੀਆਂ ਦਾ ਵਧਿਆ ਮੁਨਾਫ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 

Harinder Kaur

This news is Content Editor Harinder Kaur