ਸ਼ਹਿਰਾਂ ’ਚ ਗੈਸ ਵੰਡ ਪ੍ਰਾਜੈਕਟਾਂ ਦੇ 10ਵੇਂ ਦੌਰ ’ਚ 50,000 ਕਰੋੜ ਦੇ ਨਿਵੇਸ਼ ਦੀ ਉਮੀਦ

02/07/2019 4:04:02 PM

ਨਵੀਂ ਦਿੱਲੀ - ਸ਼ਹਿਰਾਂ ’ਚ ਗੈਸ ਲਾਇਸੈਂਸ ਦੇ 10ਵੇਂ ਦੌਰ ’ਚ ਸੀ. ਐੱਨ. ਜੀ. ਸਟੇਸ਼ਨ ਸਥਾਪਤ ਕਰਨ ਅਤੇ ਪਾਈਪਲਾਈਨ ਵਿਛਾਉਣ ਲਈ 50,000 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਉਮੀਦ ਹੈ। 10ਵੇਂ ਦੌਰ ਵਿਚ 50 ਭੂਗੋਲਿਕ ਖੇਤਰਾਂ ਦੇ ਸ਼ਹਿਰਾਂ-ਕਸਬਿਆਂ ਵਿਚ ਗੈਸ ਵੰਡ ਲਾਇਸੈਂਸ (ਸੀ. ਜੀ. ਡੀ.) ਲਈ ਬੋਲੀਆਂ ਲਾਈਆਂ ਜਾ ਚੁੱਕੀਆਂ ਹਨ। ਇਨ੍ਹਾਂ 50 ਭੂਗੋਲਿਕ ਖੇਤਰਾਂ ਵਿਚ 14 ਸੂਬਿਆਂ ਦੇ 124 ਜ਼ਿਲੇ (112 ਸਮੁੱਚੇ ਅਤੇ 12 ਦਾ ਕੁਝ ਹਿੱਸਾ) ਆਉਣਗੇ।

10ਵੇਂ ਦੌਰ ਵਿਚ ਵਾਹਨਾਂ ਨੂੰ ਸੀ. ਐੱਨ. ਜੀ. ਅਤੇ ਘਰਾਂ ਨੂੰ ਪੀ. ਐੱਨ. ਜੀ. (ਪਾਈਪ ਵਾਲੀ ਗੈਸ) ਦੀ ਸਪਲਾਈ ਦੇ ਠੇਕੇ ਲਈ ਕੁਲ 225 ਬੋਲੀਆਂ ਮਿਲੀਆਂ ਹਨ। ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀ. ਐੱਨ. ਜੀ. ਆਰ. ਬੀ.) ਨੇ ਬਿਆਨ ’ਚ ਇਹ ਜਾਣਕਾਰੀ ਦਿੱਤੀ। 10ਵੇਂ ਦੌਰ ਦੇ ਸ਼ਹਿਰੀ ਗੈਸ ਵੰਡ ਲਾਇਸੈਂਸ ਲਈ ਬੋਲੀਆਂ ਮੰਗਲਵਾਰ ਨੂੰ ਬੰਦ ਹੋਈਆਂ।
ਤਕਨੀਕੀ ਬੋਲੀਆਂ ਨੂੰ 7 ਤੋਂ 9 ਫਰਵਰੀ ਦੌਰਾਨ ਖੋਲ੍ਹਿਆ ਜਾਵੇਗਾ। ਲਾਇਸੈਂਸ ਦੀ ਵੰਡ ਮਹੀਨੇ ਦੇ ਅੰਤ ਤੱਕ ਕੀਤੀ ਜਾਵੇਗੀ। ਅਜੇ ਬੋਲੀ ਲਾਉਣ ਵਾਲੀਆਂ ਫਰਮਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਹਨ। ਪਿਛਲੇ ਦੌਰ ਨੂੰ ਮਿਲਾਉਣ ਤੋਂ ਬਾਅਦ ਸੀ. ਜੀ. ਡੀ. ਨੈੱਟਵਰਕ ਹੁਣ 400 ਜ਼ਿਲਿਆਂ ਤੱਕ ਪਹੁੰਚ ਗਿਆ ਹੈ। ਇਹ 70 ਫ਼ੀਸਦੀ ਆਬਾਦੀ ਨੂੰ ਮੁਹੱਈਆ ਹੈ।