ਦੇਸ਼ ਦਾ ਹਰ ਘਰ ਜਨਵਰੀ ਦੇ ਅੰਤ ਤੱਕ ਹੋ ਜਾਵੇਗਾ ਬਿਜਲੀ ਨਾਲ ਰੋਸ਼ਨ

01/20/2019 2:29:20 PM

ਨਵੀਂ ਦਿੱਲੀ—ਦੇਸ਼ ਦੇ ਹਰ ਘਰ 'ਚ ਜਨਵਰੀ ਦੇ ਅੰਤ ਤੱਕ ਬਿਜਲੀ ਦੀ ਪਹੁੰਚ ਸੁਨਿਸ਼ਚਿਤ ਹੋ ਜਾਵੇਗੀ। ਇਸ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸੌਭਾਗਯ ਯੋਜਨਾ ਦੇ ਤਹਿਤ 2.44 ਕਰੋੜ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਮਿਲ ਚੁੱਕਾ ਹੈ। ਕੁੱਲ ਟੀਚਾ 2.48 ਕਰੋੜ ਪਰਿਵਾਰਾਂ ਤੱਕ ਬਿਜਲੀ ਪਹੁੰਚਾਉਣਾ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ (ਸੌਭਾਗਯ) ਦੀ ਸ਼ੁਰੂਆਤ ਸਤੰਬਰ 2017 'ਚ ਕੀਤੀ ਸੀ। ਇਸ ਦਾ ਬਜਟ 16,320 ਕਰੋੜ ਰੁਪਏ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੌਭਾਗਯ ਯੋਜਨਾ ਦੇ ਤਹਿਤ ਤੈਅ ਕੀਤੇ ਗਏ 100 ਫੀਸਦੀ ਘਰਾਂ ਦੇ ਬਿਜਲੀਕਰਨ ਦੇ ਟੀਚੇ ਨੂੰ ਇਸ ਮਹੀਨੇ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ। ਅੱਜ ਦੀ ਤਾਰੀਕ ਤੱਕ ਇਸ ਦੇ ਤਹਿਤ 2.44 ਕਰੋੜ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਉਪਲੱਬਧ ਕਰਵਾਇਆ ਜਾ ਚੁੱਕਾ ਹੈ। ਅਧਿਕਾਰੀ ਨੇ ਕਿਹਾ ਕਿ ਹਰ ਰੋਜ਼ 30,000 ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਉਪਲੱਬਧ ਕਰਵਾਏ ਜਾ ਰਹੇ ਹਨ। ਇਸ ਤਰ੍ਹਾਂ ਬਚੇ ਹੋਏ ਕਰੀਬ ਚਾਰ ਲੱਖ ਪਰਿਵਾਰਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਬਿਜਲੀ ਕਨੈਕਸ਼ਨ ਉਪਲੱਬਧ ਹੋ ਜਾਵੇਗਾ। ਦੇਸ਼ ਦੇ 100 ਫੀਸਦੀ ਘਰਾਂ ਤੱਕ ਬਿਜਲੀ ਪਹੁੰਚਾਉਣਾ, ਵਰਤਮਾਨ ਸਰਕਾਰ ਦਾ ਇਕ ਮੁੱਖ ਟੀਚਾ ਸੀ। ਹਾਲਾਂਕਿ ਇਸ ਨੂੰ ਤੈਅ ਦਸੰਬਰ 2018 ਦੀ ਸਮੇਂ ਸੀਮਾ 'ਚ ਪੂਰਾ ਨਹੀਂ ਕੀਤਾ ਜਾ ਸਕਿਆ ਪਰ ਇਸ ਦੇ ਇਸ ਮਹੀਨੇ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਕੇਂਦਰੀ ਬਿਜਲੀ ਮੰਤਰੀ ਆਰ.ਕੇ ਸਿੰਘ ਦੀ ਪ੍ਰਧਾਨਤਾ 'ਚ ਜੁਲਾਈ 2018 'ਚ ਸੂਬਿਆਂ ਦੇ ਬਿਜਲੀ ਮੰਤਰੀਆਂ ਦੀ ਸ਼ਿਮਲਾ 'ਚ ਮੀਟਿੰਗ ਹੋਈ। ਤਦ ਸੌਭਾਗਯ ਯੋਜਨਾ ਨੂੰ 31 ਮਾਰਚ 2019 ਦੇ ਅਸਲੀ ਟੀਚੇ ਦੀ ਬਜਾਏ 31 ਦਸੰਬਰ 2018 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ। ਅਧਿਕਾਰੀ ਮੁਤਾਬਕ ਕੁਝ ਸੂਬਿਆਂ 'ਚ ਚੋਣਾਂ ਅਤੇ ਮਾਓਵਾਦੀ ਸਮੱਸਿਆ ਦੇ ਚੱਲਦੇ ਕੰਮ ਦੀ ਰਫਤਾਰ ਹੌਲੀ ਪਈ ਹੈ। ਜਦੋਂਕਿ ਕੁਝ ਸੂਬਿਆਂ 'ਚ ਠੇਕੇਦਾਰਾਂ ਨਾਲ ਜੁੜੇ ਮੁੱਦੇ ਸਾਹਮਣੇ ਆਏ। ਸੌਭਾਗਯ ਦੀ ਵੈੱਬਸਾਈਟ ਦੇ ਮੁਤਾਬਕ ਚਾਰ ਸੂਬਿਆਂ ਦੇ ਕਰੀਬ 3.58 ਲੱਖ ਪਰਿਵਾਰਾਂ ਤੱਕ ਬਿਜਲੀ ਪਹੁੰਚਾਉਣ ਦਾ ਕੰਮ ਬਾਕੀ ਬਚਿਆ ਹੈ। ਇਸ 'ਚ ਅਸਮ ਦੇ 1,63,016 ਰਾਜਸਥਾਨ ਦੇ 88,219 ਮੇਘਾਲਿਆ ਦੇ 86,317 ਅਤੇ ਛੱਡੀਸ਼ਗੜ੍ਹ ਦੇ 20,293 ਪਰਿਵਾਰ ਬਚੇ ਹਨ। ਸੌਭਾਗਯ ਯੋਜਨਾ ਦਾ ਟੀਚਾ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ ਬਚੇ ਹੋਏ ਹਰ ਪਰਿਵਾਰ ਤੱਕ ਬਿਜਲੀ ਕਨੈਕਸ਼ਨ ਪਹੁੰਚਾਉਣਾ ਹੈ। 

Aarti dhillon

This news is Content Editor Aarti dhillon