ਯੂਰਪੀ ਯੂਨੀਅਨ ਨੇ ਗੂਗਲ ''ਤੇ ਲਾਇਆ 17,000 ਕਰੋੜ ਦਾ ਜ਼ੁਰਮਾਨਾ

06/27/2017 4:52:38 PM

ਨਵੀਂ ਦਿੱਲੀ — ਯੂਰਪੀ ਯੂਨੀਅਨ (ਈ. ਯੂ.) ਨੇ ਅੱਜ ਅਮਰੀਕਾ ਦੀ ਤਕਨੀਕੀ ਖੇਤਰ ਦੀ ਦਿੱਗਜ ਕੰਪਨੀ ਗੂਗਲ 'ਤੇ 2.42 ਅਰਬ ਯੂਰੋ (ਕਰੀਬ 17,000 ਕਰੋੜ ਰੁਪਏ) ਦਾ ਰਿਕਾਰਡ ਜੁਰਮਾਨਾ ਲਾਇਆ ਹੈ। ਗੂਗਲ ਲਈ ਇਹ ਇਕ ਹੋਰ ਝਟਕਾ ਹੈ। ਕੰਪਨੀ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਾਰਾਜ਼ਗੀ ਝੱਲ ਰਹੀ ਹੈ। ਕੰਪਨੀ 'ਤੇ ਭਰੋਸਾ ਤੋੜਨ ਲਈ ਇਹ ਜੁਰਮਾਨਾ ਲਾਇਆ ਗਿਆ ਹੈ।
ਯੂਰਪੀ ਮੁਕਾਬਲੇਬਾਜ਼ੀ ਕਮਿਸ਼ਨ ਦੀ ਸਖ਼ਤ ਫੈਸਲੇ ਲੈਣ ਵਾਲੀ ਪ੍ਰਮੁੱਖ ਮਾਰਗੇਟ ਵੇਸਟੇਗਰ ਨੇ ਕਿਹਾ ਕਿ ਗੂਗਲ ਨੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਸਰਚ ਇੰਜਣ ਦੇ ਰੂਪ 'ਚ ਆਪਣੀ ਪ੍ਰਭਾਵਸ਼ਾਲੀ ਸਥਿਤੀ ਦੀ ਦੁਰਵਰਤੋਂ ਕੀਤੀ ਅਤੇ ਆਪਣੀ ਹੀ ਸ਼ਾਪਿੰਗ ਸੇਵਾ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਫਾਇਦਾ ਪਹੁੰਚਾਇਆ।
ਵੇਸਟੇਗਰ ਨੇ ਬਿਆਨ 'ਚ ਕਿਹਾ, ''ਗੂਗਲ ਨੇ ਜੋ ਕੀਤਾ ਹੈ ਉਹ ਈ. ਯੂ. ਦੇ ਐਂਟੀ-ਟਰੱਸਟ ਨਿਯਮਾਂ ਦੇ ਖਿਲਾਫ ਹੈ। ਇਸ ਨੇ ਹੋਰ ਕੰਪਨੀਆਂ ਨੂੰ ਯੋਗਤਾ ਦੇ ਆਧਾਰ 'ਤੇ ਮੁਕਾਬਲੇਬਾਜ਼ੀ ਅਤੇ ਇਨੋਵੇਸ਼ਨ ਤੋਂ ਰੋਕਿਆ।'' ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਕੰਪਨੀ ਨੇ ਯੂਰਪ ਦੇ ਖਪਤਕਾਰਾਂ ਨੂੰ ਸੇਵਾਵਾਂ ਦੇ ਢੁੱਕਵੇਂ ਬਦਲ ਅਤੇ ਇਨੋਵੇਸ਼ਨ ਦੇ ਸਾਰੇ ਲਾਭਾਂ ਤੋਂ ਵਾਂਝਿਆਂ ਕੀਤਾ। ਇਸ ਤਰ੍ਹਾਂ ਦੇ ਮਾਮਲਿਆਂ 'ਚ ਇਹ ਜੁਰਮਾਨਾ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਅਮਰੀਕੀ ਚਿਪ ਕੰਪਨੀ ਇੰਟੈੱਲ 'ਤੇ 1.06 ਅਰਬ ਯੂਰੋ ਦਾ ਜੁਰਮਾਨਾ ਲਾਇਆ ਗਿਆ ਸੀ।
ਕਰੀਬ ਇਕ ਸਾਲ ਪਹਿਲਾਂ ਵੇਸਟੇਗਰ ਨੇ ਦੁਨੀਆ ਅਤੇ ਅਮਰੀਕਾ ਨੂੰ ਝਟਕਾ ਦਿੰਦੇ ਹੋਏ ਆਈਫੋਨ ਕੰਪਨੀ ਐਪਲ ਨੂੰ ਆਇਰਲੈਂਡ 'ਚ 13 ਅਰਬ ਯੂਰੋ ਦੇ ਟੈਕਸ ਦੇ ਮੁੜ ਭੁਗਤਾਨ ਦਾ ਨਿਰਦੇਸ਼ ਦਿੱਤਾ ਸੀ।