ਇਕੁਇਟੀ ਬਾਜ਼ਾਰ ਲਈ ਜਾਣੋ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਇਹ ਹਫਤਾ

12/01/2019 10:35:21 AM

ਮੁੰਬਈ— ਵਾਹਨਾਂ ਦੀ ਵਿਕਰੀ ਦੇ ਡਾਟਾ ਦੇ ਨਾਲ-ਨਾਲ ਇਸ ਹਫਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਪ੍ਰਮੁੱਖ ਪਾਲਿਸੀ ਦਰਾਂ ਨੂੰ ਲੈ ਕੇ ਹੋਣ ਵਾਲੀ ਮੀਟਿੰਗ ਤੇ ਹਾਲ ਹੀ 'ਚ ਜਾਰੀ ਹੋਏ ਇਕਨੋਮਿਕ ਡਾਟਾ ਦਾ ਪ੍ਰਭਾਵ ਬਾਜ਼ਾਰ 'ਤੇ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਵਿਦੇਸ਼ੀ ਨਿਵੇਸ਼, ਡਾਲਰ ਦੇ ਮੁਕਾਬਲੇ ਰੁਪਏ ਦੀ ਚਾਲ ਤੇ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਦਾ ਵੀ ਅਸਰ ਦਿਸੇਗਾ।

 

ਬਾਜ਼ਾਰ ਨੂੰ ਆਰ. ਬੀ. ਆਈ. ਵੱਲੋਂ ਦਰਾਂ 'ਚ ਕਟੌਤੀ ਕਰਨ ਦੀ ਉਮੀਦ ਹੈ ਕਿਉਂਕਿ 10 ਸਾਲਾ ਸਰਕਾਰੀ ਬਾਂਡ ਦੀ ਯੀਲਡ ਉਚਾਈ 'ਤੇ ਪਹੁੰਚ ਗਈ ਹੈ। ਖਪਤ ਵਧਾਉਣ ਤੇ  ਮੰਦੀ ਨੂੰ ਦੂਰ ਕਰਨ ਲਈ ਰਿਜ਼ਰਵ ਬੈਂਕ ਨੇ ਅਕਤੂਬਰ 'ਚ ਲਗਾਤਾਰ ਪੰਜਵੀਂ ਵਾਰ ਆਪਣੀ ਪ੍ਰਮੁੱਖ ਉਧਾਰ ਦਰ ਨੂੰ ਘਟਾ ਕੇ 5.15 ਫੀਸਦੀ ਕਰ ਦਿੱਤਾ ਸੀ, ਜੋ ਇਸ ਵਕਤ ਇਕ ਦਹਾਕੇ 'ਚ ਸਭ ਤੋਂ ਘੱਟ ਹੈ। ਹੁਣ ਅਗਲੀ ਨੀਤੀ ਦੀ ਸਮੀਖਿਆ ਦਸੰਬਰ ਦੇ ਪਹਿਲੇ ਹਫਤੇ ਹੋਣ ਜਾ ਰਹੀ ਹੈ। ਪ੍ਰਚੂਨ ਮਹਿੰਗਾਈ ਵਧਣ ਦੇ ਬਾਵਜੂਦ ਪ੍ਰਮੁੱਖ ਨੀਤੀਗਤ ਦਰਾਂ 'ਚ ਕਟੌਤੀ ਨਾਲ ਖਪਤ ਨੂੰ ਵਧਾਉਣ ਦੀ ਉਮੀਦ ਕੀਤੀ ਜਾ ਰਹੀ ਹੈ।
ਮਾਨਿਟਰੀ ਪਾਲਿਸੀ ਰੀਵਿਊ ਤੋਂ ਇਲਾਵਾ ਰੁਪਏ ਦੀ ਚਾਲ ਵੀ ਬਾਜ਼ਾਰ ਦੀ ਦਿਸ਼ਾ ਨਿਰਧਾਰਤ ਕਰਨ 'ਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ। ਹਫਤਾਵਾਰੀ ਹਿਸਾਬ ਨਾਲ ਇਕੁਇਟੀ 'ਚ ਮਜਬੂਤ ਨਿਵੇਸ਼ ਨਾਲ ਹਫਤੇ ਦੌਰਾਨ ਰੁਪਿਆ 71.31 ਦੇ ਪੱਧਰ ਨੂੰ ਟੱਚ ਕਰਨ ਮਗਰੋਂ 71.74 'ਤੇ ਬੰਦ ਹੋਇਆ। ਹਾਲਾਂਕਿ, ਜੀ. ਡੀ. ਪੀ. ਡਾਟਾ ਨੇ ਭਾਰਤੀ ਕਰੰਸੀ ਦੀ ਮਜਬੂਤੀ ਨੂੰ ਕਮਜ਼ੋਰ ਕਰ ਦਿੱਤਾ। ਮਾਹਰਾਂ ਦਾ ਮੰਨਣਾ ਹੈ ਕਿ ਰੁਪਏ 'ਚ ਕਮਜ਼ੋਰੀ ਵੱਧ ਸਕਦੀ ਹੈ ਤੇ ਇਹ 72.20 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਜਾ ਸਕਦਾ ਹੈ।