EPFO ਬੋਰਡ ਦੀ ਮੀਟਿੰਗ ਅੱਜ, ਕਰਮਚਾਰੀ ਪੈਨਸ਼ਨ ਯੋਜਨਾ ਦੇ ਤਹਿਤ ਪੈਨਸ਼ਨ ਬਾਰੇ ਲਿਆ ਜਾ ਸਕਦੈ ਫੈਸਲਾ

09/06/2021 6:30:32 PM

ਨਵੀਂ ਦਿੱਲੀ - ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ.ਓ.) ਬੋਰਡ ਦੀ ਅੱਜ ਮੀਟਿੰਗ ਹੋਈ। ਇਸ ਵਿੱਚ ਕਰਮਚਾਰੀ ਪੈਨਸ਼ਨ ਯੋਜਨਾ (ਈ.ਪੀ.ਐਸ.) ਦੇ ਅਧੀਨ ਪ੍ਰਾਪਤ ਹੋਣ ਵਾਲੀ ਘੱਟੋ ਘੱਟ ਪੈਨਸ਼ਨ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਦਰਅਸਲ ਲੰਮੇ ਸਮੇਂ ਤੋਂ ਘੱਟੋ ਘੱਟ ਪੈਨਸ਼ਨ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵੇਲੇ ਈ.ਪੀ.ਐਫ.ਓ. ਨੇ ਘੱਟੋ ਘੱਟ ਪੈਨਸ਼ਨ 1000 ਰੁਪਏ ਨਿਰਧਾਰਤ ਕੀਤੀ ਹੈ।

ਇਹ ਵੀ ਪੜ੍ਹੋ : 1 ਮਹੀਨੇ ਬਾਅਦ ਕਰਨੀ ਹੋਵੇਗੀ 12 ਘੰਟੇ ਨੌਕਰੀ, ਘਟੇਗੀ ਤਨਖ਼ਾਹ ਤੇ ਵਧੇਗਾ PF

ਪੈਨਸ਼ਨ ਦੀ ਰਕਮ ਵਧਾਉਣ ਦੀ ਕੀਤੀ ਜਾ ਰਹੀ ਹੈ ਮੰਗ 

ਇਸ ਤੋਂ ਪਹਿਲਾਂ ਮਾਰਚ ਵਿੱਚ ਸੰਸਦ ਦੀ ਸਥਾਈ ਕਮੇਟੀ ਨੇ ਪੈਨਸ਼ਨ ਦੀ ਘੱਟੋ -ਘੱਟ ਰਕਮ 1000 ਰੁਪਏ ਤੋਂ ਵਧਾ ਕੇ 3000 ਰੁਪਏ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਦੇ ਨਾਲ ਹੀ ਪੈਨਸ਼ਨਰਾਂ ਨੇ ਮੰਗ ਕੀਤੀ ਹੈ ਕਿ ਪੈਨਸ਼ਨ ਦੀ ਰਕਮ ਬਹੁਤ ਘੱਟ ਹੈ, ਇਸ ਨੂੰ ਵਧਾ ਕੇ ਘੱਟੋ ਘੱਟ 9000 ਰੁਪਏ ਕੀਤਾ ਜਾਵੇ। ਤਾਂ ਹੀ ਕਰਮਚਾਰੀ ਪੈਨਸ਼ਨ ਸਕੀਮ (ਈਪੀਐਸ -95) ਪੈਨਸ਼ਨਰਾਂ ਨੂੰ ਸਹੀ ਅਰਥਾਂ ਵਿੱਚ ਲਾਭ ਹੋਵੇਗਾ।

ਆਖ਼ਰੀ ਤਨਖਾਹ ਅਨੁਸਾਰ ਪੈਨਸ਼ਨ ਤੈਅ ਕਰਨ ਦੀ ਮੰਗ

ਈ.ਪੀ.ਐਫ.ਓ. ਦੇ ਬੋਰਡ ਮੈਂਬਰ ਅਤੇ ਭਾਰਤੀ ਮਜ਼ਦੂਰ ਸੰਘ ਦੀ ਮੰਗ ਅਨੁਸਾਰ ਸੇਵਾ ਮੁਕਤੀ(ਰਿਟਾਇਰਮੈਂਟ) ਤੋਂ ਠੀਕ ਪਹਿਲਾਂ ਕਰਮਚਾਰੀ ਦੀ ਆਖਰੀ ਤਨਖਾਹ ਦੇ ਅਨੁਸਾਰ ਪੈਨਸ਼ਨ ਦੀ ਰਕਮ ਤੈਅ ਕੀਤੀ ਜਾਣੀ ਚਾਹੀਦੀ ਹੈ। ਵਰਤਮਾਨ ਸਮੇਂ ਵਿੱਚ ਪਿਛਲੇ 5 ਸਾਲਾਂ ਦੀ ਤਨਖਾਹ ਦੀ ਔਸਤ ਵੇਖੀ ਜਾਂਦੀ ਹੈ ਅਤੇ ਇਸਦੇ ਅਧਾਰ 'ਤੇ ਪੈਨਸ਼ਨ ਨਿਰਧਾਰਤ ਕੀਤੀ ਜਾਂਦੀ ਹੈ। ਹਾਲਾਂਕਿ, ਕਿਰਤ ਮੰਤਰਾਲੇ ਨੇ ਅਜਿਹਾ ਕਰਨ ਤੋਂ ਅਸਮਰੱਥਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ : ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਵਿਦੇਸ਼ੀ ਦਬਾਅ, ਦਸੰਬਰ ਤੋਂ ਘੱਟ ਹੋਣ ਦੀ ਉਮੀਦ: ਖੁਰਾਕ ਸਕੱਤਰ

ਈ.ਪੀ.ਐਸ. 95 ਪੈਨਸ਼ਨ ਸਕੀਮ ਕੀ ਹੈ?

ਈ.ਪੀ.ਐਫ.ਓ. ਅਧੀਨ ਪ੍ਰੋਵੀਡੈਂਟ ਫੰਡ ਪ੍ਰਾਪਤ ਕਰਨ 'ਤੇ ਸਾਰੇ ਹਿੱਸੇਦਾਰਾਂ ਲਈ ਕਰਮਚਾਰੀ ਪੈਨਸ਼ਨ ਸਕੀਮ -1995 ਹੈ। ਇਸ ਵਿੱਚ ਸੰਗਠਿਤ ਖੇਤਰ ਦੇ ਅਧੀਨ ਕੰਮ ਕਰਨ ਵਾਲੇ ਲੋਕਾਂ ਨੂੰ 58 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਮਿਲਦੀ ਹੈ। ਇਸਦੇ ਲਈ ਕਰਮਚਾਰੀ ਲਈ ਘੱਟੋ ਘੱਟ 10 ਸਾਲਾਂ ਦੀ ਨੌਕਰੀ ਹੋਣਾ ਲਾਜ਼ਮੀ ਹੁੰਦਾ ਹੈ। ਜਦੋਂ ਕੋਈ ਕਰਮਚਾਰੀ ਈ.ਪੀ.ਐਫ. ਭਾਵ ਕਰਮਚਾਰੀ ਭਵਿੱਖ ਫੰਡ ਦਾ ਮੈਂਬਰ ਬਣਦਾ ਹੈ, ਉਹ ਈ.ਪੀ.ਐਸ. ਦਾ ਮੈਂਬਰ ਵੀ ਬਣ ਜਾਂਦਾ ਹੈ। ਕਰਮਚਾਰੀ ਆਪਣੀ ਤਨਖਾਹ ਦਾ 12% ਈ.ਪੀ.ਐਫ. ਵਿੱਚ ਯੋਗਦਾਨ ਪਾਉਂਦਾ ਹੈ ਅਤੇ ਉਹੀ ਰਕਮ ਮਾਲਕ ਦੁਆਰਾ ਵੀ ਦਿੱਤੀ ਜਾਂਦੀ ਹੈ। ਹਾਲਾਂਕਿ ਮਾਲਕ ਦੇ ਯੋਗਦਾਨ ਵਿੱਚ ਇਕ ਹਿੱਸਾ ਈ.ਪੀ.ਐੱਸ. ਵਿਚ ਜਮ੍ਹਾਂ ਕੀਤਾ ਜਾਂਦਾ ਹੈ।

ਈ.ਪੀ.ਐਸ. ਖਾਤੇ ਵਿੱਚ ਯੋਗਦਾਨ ਤਨਖਾਹ ਦਾ 8.33% ਹੁੰਦਾ ਹੈ। ਹਾਲਾਂਕਿ ਇਸ ਵੇਲੇ ਪੈਨਸ਼ਨ ਯੋਗ ਤਨਖਾਹ ਸਿਰਫ ਵੱਧ ਤੋਂ ਵੱਧ 15 ਹਜ਼ਾਰ ਰੁਪਏ ਮੰਨੀ ਜਾਂਦੀ ਹੈ। ਇਸਦੇ ਨਾਲ ਇਹ ਪੈਨਸ਼ਨ ਸ਼ੇਅਰ ਵੱਧ ਤੋਂ ਵੱਧ 1250 ਪ੍ਰਤੀ ਮਹੀਨਾ ਹੈ। ਇਸ ਦੇ ਤਹਿਤ ਘੱਟੋ -ਘੱਟ 1000 ਅਤੇ ਵੱਧ ਤੋਂ ਵੱਧ 7,500 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ। ਵਿਧਵਾ ਪੈਨਸ਼ਨ, ਬੱਚਿਆਂ ਦੀ ਪੈਨਸ਼ਨ ਸਹੂਲਤ ਇਸ ਸਕੀਮ ਵਿੱਚ ਉਪਲਬਧ ਹੈ। ਜੇ ਕਰਮਚਾਰੀ ਦੀ 58 ਸਾਲ ਦੀ ਸੇਵਾ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ, ਤਾਂ ਉਸਦੀ ਪਤਨੀ ਅਤੇ ਬੱਚਿਆਂ ਨੂੰ ਪੈਨਸ਼ਨ ਮਿਲਦੀ ਹੈ।

ਇਹ ਵੀ ਪੜ੍ਹੋ : ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਵਿਦੇਸ਼ੀ ਦਬਾਅ, ਦਸੰਬਰ ਤੋਂ ਘੱਟ ਹੋਣ ਦੀ ਉਮੀਦ: ਖੁਰਾਕ ਸਕੱਤਰ

ਈ.ਪੀ.ਐਸ. ਲੈਣ ਲਈ ਸ਼ਰਤਾਂ

  • ਕਰਮਚਾਰੀ ਈ.ਪੀ.ਐਫ. ਦਾ ਮੈਂਬਰ ਹੋਣਾ ਚਾਹੀਦਾ ਹੈ।
  • ਨੌਕਰੀ ਦੀ ਮਿਆਦ ਘੱਟੋ ਘੱਟ 10 ਸਾਲ ਹੋਣੀ ਚਾਹੀਦੀ ਹੈ।
  • ਕਰਮਚਾਰੀ ਦੀ ਉਮਰ 58 ਸਾਲ ਪੂਰੀ ਹੋਣੀ ਚਾਹੀਦੀ ਹੈ। 50 ਸਾਲ ਦੀ ਉਮਰ ਪੂਰੀ ਕਰ ਲੈਣ ਅਤੇ 58 ਸਾਲ ਦੀ ਉਮਰ ਤੋਂ ਪਹਿਲਾਂ ਪੈਨਸ਼ਨ ਲੈਣ ਦਾ ਵਿਕਲਪ ਵੀ ਚੁਣਿਆ ਜਾ ਸਕਦਾ ਹੈ ਪਰ ਇਸ ਸਥਿਤੀ ਵਿੱਚ ਤੁਹਾਨੂੰ ਘਟੀ ਹੋਈ ਪੈਨਸ਼ਨ ਮਿਲੇਗੀ। ਇਸ ਦੇ ਲਈ ਫਾਰਮ 10 ਡੀ ਭਰਨਾ ਹੋਵੇਗਾ।
  • ਕਰਮਚਾਰੀ 58 ਸਾਲ ਪੂਰੇ ਹੋਣ ਤੋਂ ਬਾਅਦ ਵੀ ਈ.ਪੀ.ਐਸ. ਵਿੱਚ ਯੋਗਦਾਨ ਪਾ ਸਕਦਾ ਹੈ ਅਤੇ 58 ਸਾਲ ਦੀ ਉਮਰ ਤੋਂ ਜਾਂ 60 ਸਾਲ ਦੀ ਉਮਰ ਤੋਂ ਪੈਨਸ਼ਨ ਸ਼ੁਰੂ ਕਰ ਸਕਦਾ ਹੈ।
  • 60 ਸਾਲ ਦੀ ਉਮਰ ਤੋਂ ਪੈਨਸ਼ਨ ਸ਼ੁਰੂ ਕਰਵਾਉਣ 'ਤੇ ਟਾਲੇ ਗਏ 2 ਸਾਲ ਲਈ 4% ਪ੍ਰਤੀ ਸਾਲ ਦੀ ਦਰ ਨਾਲ ਵਧੀ ਹੋਈ ਪੈਨਸ਼ਨ ਮਿਲਦੀ ਹੈ।
  • ਕਰਮਚਾਰੀ ਦੀ ਮੌਤ ਹੋਣ ਦੀ ਸਥਿਤੀ ਵਿੱਚ, ਉਸਦਾ ਪਰਿਵਾਰ ਪੈਨਸ਼ਨ ਦਾ ਹੱਕਦਾਰ ਹੈ।
  • ਜੇ ਕਿਸੇ ਕਰਮਚਾਰੀ ਦੀ ਸੇਵਾ 10 ਸਾਲ ਤੋਂ ਘੱਟ ਹੈ, ਤਾਂ ਉਨ੍ਹਾਂ ਨੂੰ 58 ਸਾਲ ਦੀ ਉਮਰ ਵਿੱਚ ਪੈਨਸ਼ਨ ਦੀ ਰਕਮ ਵਾਪਸ ਲੈਣ ਦਾ ਵਿਕਲਪ ਮਿਲਦਾ ਹੈ।


ਇਹ ਵੀ ਪੜ੍ਹੋ : ਪੁਰਾਣੇ ਸਿੱਕੇ ਜਾਂ ਨੋਟਾਂ ਦੀ ਵਿਕਰੀ ਸਬੰਧੀ RBI ਨੇ ਜਾਰੀ ਕੀਤੀ ਜ਼ਰੂਰੀ ਸੂਚਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur