ਬੈਂਕ ਦਾ ਲਾਭ ਵਧਣ ''ਤੇ ਵਧੇਗੀ ਕਰਮਚਾਰੀਆਂ ਦੀ ਸੈਲਰੀ!

01/15/2020 11:56:36 AM

ਕੋਲਕਾਤਾ — ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਨੇ ਬੈਂਕ ਕਰਮਚਾਰੀਆਂ ਲਈ ਪਰਫਾਰਮੈਂਸ ਨਾਲ ਜੁੜੀ ਇਕ ਇੰਸੈਟਿਵ ਯੋਜਨਾ ਦਾ ਪ੍ਰਸਤਾਵ ਦਿੱਤਾ ਹੈ। ਇਸ ਵਿਚ ਓਪਰੇਟਿੰਗ ਲਾਭ 'ਚ ਘੱਟੋ-ਘੱਟ 5 ਫੀਸਦੀ ਦੇ ਸਾਲਾਨਾ ਵਾਧੇ ਵਾਲੇ ਬੈਂਕਾਂ ਦੇ ਕਰਮਚਾਰੀਆਂ ਨੂੰ 10 ਦਿਨ ਦੀ ਵਾਧੂ ਤਨਖਾਹ ਦਿੱਤੀ ਜਾਵੇਗੀ। ਇਸ ਯੋਜਨਾ ਲਈ ਆਈ.ਬੀ.ਏ. ਅਤੇ ਬੈਂਕ ਯੂਨੀਅਨਾਂ ਦੀ ਮੀਟਿੰਗ ਵਿਚ ਤਨਖਾਹ ਵਧਾਉਣ 'ਤੇ ਵਿਚਾਰ ਵਟਾਂਦਰੇ ਕੀਤੇ ਗਏ ਸਨ। ਬੈਠਕ ਦੀ ਪ੍ਰਧਾਨਗੀ ਸਟੇਟ ਬੈਂਕ ਆਫ਼ ਇੰਡੀਆ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕੀਤੀ ਜਿਹੜੇ ਕਿ ਆਈ. ਬੀ.ਏ. ਦੇ ਚੇਅਰਮੈਨ ਵੀ ਹਨ।

ਵਾਧੂ ਸੈਲਰੀ ਦਾ ਪ੍ਰਸਤਾਵ

ਸਕੀਮ ਦੇ ਤਹਿਤ ਆਈ.ਬੀ.ਏ. ਨੇ ਓਪਰੇਟਿੰਗ ਲਾਭ 'ਚ 10-15 ਫੀਸਦੀ ਦਾ ਵਾਧਾ ਕਰਨ ਵਾਲੇ ਬੈਂਕਾਂ ਦੇ ਕਰਮਚਾਰੀਆਂ ਨੂੰ 14 ਦਿਨ ਦੀ ਵਾਧੂ ਸੈਲਰੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਜਿਹੜੇ ਬੈਂਕਾਂ ਦਾ ਲਾਭ 15 ਫੀਸਦੀ ਤੋਂ ਜ਼ਿਆਦਾ ਵਧੇਗਾ ਉਨ੍ਹਾਂ ਦੇ ਕਰਮਚਾਰੀਆਂ ਨੂੰ 21 ਦਿਨਾਂ ਦੀ ਵਾਧੂ ਸੈਲਰੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਆਈ.ਬੀ.ਏ. ਨੇ ਬੈਂਕਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਓਪਰੇਟਿੰਗ ਲਾਭ ਅਤੇ ਰਿਟਰਨ ਆਨ ਐਸੇਟਸ(ROA) ਦੋਵਾਂ ਨੂੰ ਮਾਪਦੰਡ ਬਣਾਉਣ ਦੀ ਗੱਲ ਕਹੀ ਸੀ।

ਵਾਧੂ ਸੈਲਰੀ ਦਾ ਆਧਾਰ

ਸੂਤਰਾਂ ਨੇ ਦੱਸਿਆ ਕਿ 14 ਦਿਨ ਜਾਂ 21 ਦਿਨ ਦੀ ਵਾਧੂ ਤਨਖਾਹ ਵਾਲੇ ਪਰਫਾਰਮੈਂਸ ਨਾਲ ਜੁੜੇ ਲਾਭ ਲਈ ROA ਨੂੰ ਵੀ ਦੇਖਿਆ ਜਾ ਸਕਦਾ ਹੈ। IBA ਨੇ ਬੈਂਕਾਂ ਦੀ ਖਰਾਬ ਵਿੱਤੀ ਸਥਿਤੀ ਦਾ ਕਾਰਨ ਦੱਸਦੇ ਹੋਏ ਸੈਲਰੀ 'ਚ ਵਾਧੇ ਦੇ ਆਪਣੇ ਆਫਰ ਨੂੰ 12 ਫੀਸਦੀ ਤੋਂ ਵਧਾ ਕੇ 12.25 ਫੀਸਦੀ ਕਰ ਦਿੱਤਾ ਹੈ। ਹਾਲਾਂਕਿ ਇਸ ਨੇ ਬੈਂਕਾਂ ਦੇ ਕੰਮਕਾਜ ਵਾਲੇ ਦਿਨ ਘਟਾ ਕੇ 5 ਕਰਨ ਦੀ ਮੰਗ ਨੂੰ ਅਸਵੀਕਾਰ ਕਰ ਦਿੱਤਾ ਹੈ।

ਬੈਂਕ ਯੂਨੀਅਨ ਨੇ ਕੀਤਾ ਇਨਕਾਰ

ਸੂਤਰਾਂ ਨੇ ਕਿਹਾ ਕਿ ਬੈਂਕ ਯੂਨੀਅਨਸ ਨੇ ਸੈਲਰੀ 'ਚ ਵਾਧੇ ਦੇ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਯੂਨੀਅਨਸ ਨੇ IBA ਤੋਂ ROA ਨੂੰ ਪਰਫਾਰਮੈਂਸ ਨਾਲ ਜੁੜੇ ਲਾਭ ਨੂੰ ਨਾ ਜੋੜਣ ਲਈ ਕਿਹਾ ਹੈ। ਯੂਨੀਅਨ ਦੀ ਦਲੀਲ ਹੈ ਕਿ ROA ਬੈਡ ਲੋਨ ਲਈ ਪ੍ਰੋਵਿਜ਼ਨ 'ਤੇ ਨਿਰਭਰ ਕਰਦਾ ਹੈ ਅਤੇ ਬੈਂਕ ਦੇ ਓਪਰੇਟਿੰਗ ਲਾਭ ਹਾਸਲ ਕਰਨ 'ਤੇ ਵੀ ਇਹ ਨੇਗੇਟਿਵ ਰਹਿ ਸਕਦਾ ਹੈ।