ਬਜਟ 2019 : ਸਸਤੇ ਹੋਣਗੇ ਇਲੈਕਟ੍ਰਿਕ ਵਾਹਨ, GST ਦਰ 7% ਘਟੀ

07/05/2019 1:08:36 PM

ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ 'ਤੇ ਜੀ. ਐੱਸ. ਟੀ. ਦਰ 7 ਫੀਸਦੀ ਘਟਾਉਣ ਦਾ ਪ੍ਰਸਤਾਵ ਕੀਤਾ ਹੈ। ਹੁਣ ਇਨ੍ਹਾਂ ਵਾਹਨਾਂ 'ਤੇ 5 ਫੀਸਦੀ ਜੀ. ਐੱਸ. ਟੀ. ਲੱਗੇਗਾ, ਜੋ ਪਹਿਲਾਂ 12 ਫੀਸਦੀ ਲੱਗ ਰਿਹਾ ਸੀ। ਸਰਕਾਰ ਦੇ ਇਸ ਕਦਮ ਨਾਲ ਇਲੈਕਟ੍ਰਿਕ ਵਾਹਨ ਸੈਕਟਰ 'ਚ ਨਿਵੇਸ਼ ਵਧੇਗਾ ਤੇ ਬਾਜ਼ਾਰ 'ਚ ਆਉਣ ਵਾਲੇ ਵੱਧ ਤੋਂ ਵੱਧ ਵਾਹਨ ਇਲੈਕਟ੍ਰਿਕ ਹੋਣਗੇ।

 

ਸਰਕਾਰ ਨੇ ਜੀ. ਐੱਸ. ਟੀ. ਪ੍ਰੀਸ਼ਦ ਨੂੰ ਇਲੈਕਟ੍ਰਿਕ ਵਾਹਨਾਂ 'ਤੇ ਜੀ. ਐੱਸ. ਟੀ. ਦਰ 12 ਤੋਂ ਘਟਾ ਕੇ 5 ਫੀਸਦੀ ਕਰਨ ਦਾ ਪ੍ਰਸਤਾਵ ਦਿੱਤਾ ਹੈ। ਉੱਥੇ ਹੀ, ਇਲੈਕਟ੍ਰਿਕ ਵਾਹਨ ਖਰੀਦਦਾਰਾਂ ਨੂੰ ਇਨਕਮ ਟੈਕਸ 'ਚ 1.5 ਲੱਖ ਰੁਪਏ ਤਕ ਦੀ ਵਾਧੂ ਛੋਟ ਮਿਲੇਗੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਭਾਸ਼ਣ 'ਚ ਕਿਹਾ ਕਿ ਸਾਡੀ ਸਰਕਾਰ ਇਲੈਕਟ੍ਰਿਕ ਵਾਹਨ ਖਰੀਦਣ ਲਈ ਲਏ ਗਏ ਕਰਜ਼ 'ਤੇ ਅਦਾ ਕੀਤੇ ਗਏ ਵਿਆਜ 'ਤੇ 1.5 ਲੱਖ ਰੁਪਏ ਦੀ ਵਾਧੂ ਇਨਕਮ ਟੈਕਸ ਕਟੌਤੀ ਪ੍ਰਦਾਨ ਕਰੇਗੀ।
ਸਰਕਾਰ ਦੀ ਯੋਜਨਾ ਪ੍ਰਦੂਸ਼ਣ ਮੁਕਤ ਭਾਰਤ ਬਣਾਉਣ ਦੀ ਹੈ, ਜਿਸ ਤਹਿਤ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਵਾਹਨਾਂ ਦੀ ਜਗ੍ਹਾ ਇਲੈਕਟ੍ਰਿਕ ਵਾਹਨ ਖਰੀਦਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਬਜਟ 'ਚ ਇਲੈਕਟ੍ਰਿਕ ਵਾਹਨਾਂ ਲਈ ਜੀ. ਐੱਸ. ਟੀ. ਦਰ 5 ਫੀਸਦੀ ਕਰਨ ਦੇ ਪ੍ਰਸਤਾਵ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀ ਜੀ. ਐੱਸ. ਟੀ. ਪ੍ਰੀਸ਼ਦ ਮੀਟਿੰਗ 'ਚ ਇਸ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ।