ਬਿਹਾਰ ''ਚ 23.4 ਲੱਖ ਸਮਾਰਟ ਪ੍ਰੀਪੇਡ ਬਿਜਲੀ ਮੀਟਰ ਲਾਵੇਗੀ EESL

01/30/2021 7:14:10 PM

ਨਵੀਂ ਦਿੱਲੀ- ਜਨਤਕ ਖੇਤਰ ਦੀ ਕੰਪਨੀ ਐਨਰਜ਼ੀ ਐਫੀਸ਼ੀਐਂਸੀ ਸਰਵਿਸਿਜ਼ ਲਿਮਟਿਡ (ਈ. ਈ. ਐੱਸ. ਐੱਲ.) ਨੇ ਬਿਹਾਰ ਦੀਆਂ ਦੋ ਇਕਾਈਆਂ ਨਾਲ ਸੂਬੇ ਵਿਚ 23.4 ਲੱਖ ਸਮਾਰਟ ਪ੍ਰੀਪੇਡ ਬਿਜਲੀ ਮੀਟਰ ਲਾਉਣ ਦਾ ਕਰਾਰ ਕੀਤਾ ਹੈ। ਈ. ਈ. ਐੱਸ. ਐੱਲ. ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸੂਬੇ ਵਿਚ ਇੰਨੇ ਵੱਡੇ ਪੱਧਰ 'ਤੇ ਸਮਾਰਟ ਪ੍ਰੀਪੇਡ ਮੀਟਰ ਲਾਏ ਜਾ ਰਹੇ ਹਨ।

ਇਸ ਨਾਲ ਸੂਬੇ ਦੇ ਬਿਜਲੀ ਖੇਤਰ ਵਿਚ ਵੱਡਾ ਬਦਲਾਅ ਆਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਈ. ਈ. ਐੱਸ. ਐੱਲ. ਨੇ ਸਾਊਥ ਬਿਹਾਰ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ (ਐੱਸ. ਬੀ. ਪੀ. ਡੀ. ਸੀ. ਐੱਲ.) ਅਤੇ ਨਾਰਥ ਬਿਹਾਰ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ (ਐੱਨ. ਬੀ. ਪੀ. ਡੀ. ਸੀ. ਐੱਲ.) ਨਾਲ ਸੂਬੇ ਵਿਚ 23.4 ਲੱਖ ਸਮਾਰਟ ਪ੍ਰੀਪੇਡ ਮੀਟਰ ਲਾਉਣ ਲਈ ਕਰਾਰ ਕੀਤਾ ਹੈ।

ਇਸ ਸਬੰਧ ਵਿਚ ਸਮਝੌਤੇ ਬਿਹਾਰ ਦੇ ਬਿਜਲੀ ਮੰਤਰੀ ਬਿਜੇਂਦਰ ਪ੍ਰਸਾਦ ਯਾਦਵ ਦੀ ਹਾਜ਼ਰੀ ਵਿਚ ਹੋਏ। ਯਾਦਵ ਨੇ ਕਿਹਾ, “ਬਿਜਲੀ ਖੇਤਰ ਨੂੰ ਵੱਡੇ ਤਕਨੀਕੀ ਅਤੇ ਵਪਾਰਕ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਰਟ ਪ੍ਰੀਪੇਡ ਮੀਟਰ ਬਿਹਾਰ ਲਈ ਇਸ ਚੁਣੌਤੀ ਨੂੰ ਸੁਲਝਾਉਣ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਇਹ ਮੀਟਰ ਸੂਬੇ ਦੇ ਬਿਜਲੀ ਸੈਕਟਰ ਨੂੰ ਬਹੁਤ ਫਾਇਦਾ ਦੇਣਗੇ ਅਤੇ ਬਿਜਲੀ ਵੰਡ ਕੰਪਨੀਆਂ (ਡਿਸਕਾਮ) ਦੀ ਵਿੱਤੀ ਸਥਿਤੀ ਵਿਚ ਸੁਧਾਰ ਆਵੇਗਾ।”

Sanjeev

This news is Content Editor Sanjeev