ED ਨੇ IL&FS ਦੇ ਦੋ ਸਾਬਕਾ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ

06/20/2019 11:08:44 AM

ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ(ED) ਨੇ IL&FS 'ਚ ਕਥਿਤ ਵਿੱਤੀ ਗੜਬੜੀਆਂ ਨੂੰ ਲੈ ਕੇ ਆਪਣੀ ਜਾਂਚ ਦੇ ਸਿਲਸਿਲੇ 'ਚ ਕੰਪਨੀ ਦੇ ਦੋ ਸਾਬਕਾ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ED ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਦੇ ਸਾਬਕਾ ਪ੍ਰਬੰਧਕ ਨਿਰਦੇਸ਼ਕ ਅਰੁਣ ਕੁਮਾਰ ਸਾਹਾ ਅਤੇ ਟਰਾਂਸਪੋਰਟੇਸ਼ਨ ਨੈੱਟਵਰਕ ਦੇ ਸਾਬਕਾ ਪ੍ਰਬੰਧਕ ਨਿਰਦੇਸ਼ਕ ਰਾਮਚੰਦ ਨੂੰ ਬੁੱਧਵਾਰ ਦੇਰ ਸ਼ਾਮ ਮਨੀ ਲਾਂਡਰਿੰਗ ਰੋਕਥਾਮ ਐਕਟ(PMLA) ਦੇ ਤਹਿਤ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ED ਵਲੋਂ ਮਾਮਲੇ 'ਚ ਇਹ ਪਹਿਲੀ ਗ੍ਰਿਫਤਾਰੀ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਨੂੰ ਵੀਰਵਾਰ ਨੂੰ ਮੁੰਬਈ ਦੀ ਇਕ ਵਿਸ਼ੇਸ਼ PMLA ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਗੰਭੀਰ ਧੋਖਾਧੜੀ ਜਾਂਚ ਦਫਤਰ(SFIO) ਦੋ ਅਧਿਕਾਰੀਆਂ, ਆਰ.ਸੀ. ਬਾਵਾ ਅਤੇ ਹਰੀ ਸ਼ੰਕਰਣ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਦੋਵੇਂ ਅਜੇ ਨਿਆਇਕ ਹਿਰਾਸਤ 'ਚ ਹਨ।

ED ਨੇ ਇਸ ਸਾਲ ਫਰਵਰੀ ਵਿਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਹੋਰ ਸਬੂਤ ਇਕੱਠੇ ਕਰਨ ਲਈ ਕਈ ਸਾਬਕਾ ਅਧਿਕਾਰੀਆਂ ਦੇ ਠਿਕਾਣੀਆਂ 'ਤੇ ਛਾਪੇਮਾਰੀ ਕੀਤੀ ਸੀ। ਪਿਛਲੇ ਸਾਲ ਸਤੰਬਰ ਵਿਚ ਸਮੂਹ ਦੀਆਂ ਕੰਪਨੀਆਂ ਵਲੋਂ ਲੋਨ ਰੀਪੇਮੈਂਟ 'ਚ ਚੂਕ ਕਰਨ ਦੇ ਬਾਅਦ IL&FS ਨਾਲ ਜੁੜੀਆਂ ਵਿੱਤੀ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਆਇਆ ਸੀ।