ਈ-ਵਾਹਨਾਂ 'ਤੇ ਜੀ. ਐੱਸ. ਟੀ. 'ਚ ਕਟੌਤੀ ਨਾਲ ਇੰਡਸਟਰੀ ਹੋਈ ਬਾਗੋਬਾਗ

07/27/2019 2:43:47 PM

ਨਵੀਂ ਦਿੱਲੀ— ਇਲੈਕਟ੍ਰਿਕ ਵਾਹਨ ਨਿਰਮਾਤਾਵਾਂ ਦੇ ਮੰਚ 'ਇਲੈਕਟ੍ਰਿਕ ਵਾਹਨ ਨਿਰਮਾਤਾ ਸੁਸਾਇਟੀ (ਐੱਸ. ਐੱਮ. ਈ. ਵੀ.)' ਨੇ ਸਰਕਾਰ ਵੱਲੋਂ ਬੈਟਰੀ ਵਾਹਨਾਂ 'ਤੇ ਜੀ. ਐੱਸ. ਟੀ. ਦਰਾਂ 'ਚ ਕੀਤੀ ਕਟੌਤੀ ਦਾ ਨਿੱਘਾ ਸਵਾਗਤ ਕੀਤਾ ਹੈ। ਸ਼ਨੀਵਾਰ ਹੋਈ ਜੀ. ਐੱਸ. ਟੀ. ਕੌਂਸਲ ਦੀ ਬੈਠਕ 'ਚ ਇਨ੍ਹਾਂ 'ਤੇ ਜੀ. ਐੱਸ. ਟੀ. ਦਰ 12 ਤੋਂ ਘਟਾ ਕੇ 5 ਫੀਸਦੀ ਕੀਤੀ ਗਈ ਹੈ, ਜੋ ਅਗਸਤ ਤੋਂ ਲਾਗੂ ਹੋ ਜਾਵੇਗੀ।



ਇਲੈਕਟ੍ਰਿਕ ਵਾਹਨ ਨਿਰਮਾਤਾਵਾਂ ਨੇ ਇਸ ਦੇ ਨਾਲ ਹੀ ਵਾਹਨਾਂ ਤੋਂ ਵੱਖਰੀ ਵਿਕਣ ਵਾਲੀ ਬੈਟਰੀ 'ਤੇ ਵੀ ਟੈਕਸ ਘਟਾਉਣ ਦੀ ਮੰਗ ਕੀਤੀ ਹੈ। 'ਐੱਸ. ਐੱਮ. ਈ. ਵੀ.' ਦੇ ਡਾਇਰੈਕਟਰ ਜਨਰਲ ਸੋਹਿੰਦਰ ਗਿੱਲ ਨੇ ਕਿਹਾ ਕਿ ਜੀ. ਐੱਸ. ਟੀ. ਘੱਟ ਹੋਣ ਨਾਲ ਬੈਟਰੀ ਅਤੇ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀਆਂ ਕੀਮਤਾਂ 'ਚ ਫਰਕ ਘੱਟ ਹੋਵੇਗਾ ਤੇ ਲੋਕ ਈ-ਵਾਹਨ ਖੀਰਦਣ ਨੂੰ ਤਵੱਜੋ ਦੇਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੀ. ਐੱਸ. ਟੀ. 'ਚ ਕਮੀ ਦਾ ਇਹ ਕਦਮ ਸਹੀ ਸਾਬਤ ਹੋਵੇਗਾ। ਸਰਕਾਰ ਪਿਛਲੇ ਕੁਝ ਸਮੇਂ ਤੋਂ ਇਸ ਦਿਸ਼ਾ 'ਚ ਕਾਫੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 'ਫੇਮ-2' ਨੀਤੀ ਨਾਲ ਨਿਰਾਸ਼ਾ ਹੋਈ ਸੀ ਪਰ ਜੀ. ਐੱਸ. ਟੀ. 'ਚ ਕਮੀ ਦਾ ਇਹ ਕਦਮ 'ਰਾਸ਼ਟਰੀ ਇਲੈਕਟ੍ਰਿਕ ਵਾਹਨ ਨੀਤੀ' ਦਾ ਇਕ ਮਹੱਤਵਪੂਰਨ ਬਿੰਦੂ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਵੱਖਰੀ ਦਿੱਤੀ ਜਾਣ ਵਾਲੀ ਬੈਟਰੀ 'ਤੇ ਵੀ ਜੀ. ਐੱਸ. ਟੀ. ਘਟਾਉਣ ਦੀ ਲੋੜ ਹੈ, ਜੋ ਇਸ ਸਮੇਂ 18 ਫੀਸਦੀ ਹੈ।