ਵਹੀ ਖਾਤੇ ਨੇ 2024-25 ਤੱਕ ਦੇਸ਼ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਬਲਿਊਪ੍ਰਿੰਟ ਰੱਖਿਆ - ਮੋਦੀ

07/06/2019 4:34:53 PM

ਵਾਰਾਣਸੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ 2019-20 ਦੇ ਬਜਟ 'ਚ ਪ੍ਰਤੀ ਵਿਅਕਤੀ ਆਮਦਨ, ਖਪਤ ਅਤੇ ਉਤਪਾਦਕਤਾ ਵਧਾ ਕੇ ਅਗਲੇ ਪੰਜ ਸਾਲਾਂ ਵਿਚ ਦੇਸ਼ ਦੀ ਅਰਥਵਿਵਸਥਾ ਨੂੰ ਪੰਜ ਹਜ਼ਾਰ ਅਰਬ ਡਾਲਰ ਤੱਕ ਪਹੁੰਚਾਉਣ ਦਾ ਬਲਿਊਪ੍ਰਿੰਟ ਪੇਸ਼ ਕੀਤਾ ਹੈ। ਪਾਰਟੀ ਮੈਂਬਰਸ਼ਿਪ ਮੁਹਿੰਮ ਦੀ ਇਥੇ ਸ਼ੁਰੂਆਤ ਕਰਦੇ ਹੋਏ ਮੋਦੀ ਨੇ ਦੇਸ਼ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਪੇਸ਼ਾਵਰ ਨਿਰਾਸ਼ਾਵਾਦੀਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅਜਿਹੇ ਲੋਕਾਂ ਦੀ ਸਿਰਫ ਟੀਚੇ ਨੂੰ ਪ੍ਰਾਪਤ ਕਰਨ ਲਈ ਹੱਲ ਦੇਣ ਦੀ ਬਜਾਏ ਸਿਰਫ ਨਿੰਦਿਆ ਕਰਨ ਦੀ ਆਦਤ ਹੁੰਦੀ ਹੈ। ਅਰਥਵਿਵਸਥਾ ਦੀ ਤੁਲਨਾ ਕੇਕ ਨਾਲ ਕਰਦੇ ਹੋਏ ਮੋਦੀ ਨੇ ਕਿਹਾ, 'ਕੇਕ ਦਾ ਆਕਾਰ ਮਹੱਤਵਪੂਰਣ ਹੈ'। ਕੇਕ ਦਾ ਆਕਾਰ ਜਿੰਨਾ ਵੱਡਾ ਹੋਵੇਗਾ ਲੋਕਾਂ ਨੂੰ ਉਨਾਂ ਹੀ ਵੱਡਾ ਹਿੱਸਾ ਮਿਲੇਗਾ। ਇਸ ਲਈ ਅਸੀਂ ਭਾਰਤ ਦੀ ਅਰਥਵਿਵਸਥਾ ਨੂੰ ਪੰਜ ਅਰਬ ਡਾਲਰ ਦਾ ਬਣਾਉਣ ਦਾ ਟੀਚਾ ਰੱਖਿਆ ਹੈ। 

ਅਰਥਵਿਵਸਥਾ ਦਾ ਆਕਾਰ ਜਿੰਨਾ ਵੱਡਾ ਹੋਵੇਗਾ ਇਹ ਦੇਸ਼ ਵਿਚ ਉਸ ਹਿਸਾਬ ਨਾਲ ਹੀ ਖੁਸ਼ਹਾਲੀ ਲੈ ਕੇ ਆਵੇਗਾ। ਅੰਤਰਰਾਸ਼ਟਰੀ ਪੱਧਰ ਦੀ ਉਦਾਹਰਣ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਜਿਹੜੇ ਦੇਸ਼ਾਂ ਨੇ ਵਿਕਾਸਸ਼ੀਲ ਤੋਂ ਵਿਕਸਤ ਹੋਣ ਦੀ ਛਲਾਂਗ ਲਗਾਈ ਹੈ ਉਹ ਪ੍ਰਤੀ ਵਿਅਕਤੀ ਆਮਦਨ ਦੇ ਆਧਾਰ 'ਤੇ ਹੀ ਲਗਾਈ ਹੈ। ਮੋਦੀ ਨੇ ਕਿਹਾ, 'ਭਾਰਤ ਵੀ ਇਹ ਕਰ ਸਕਦਾ ਹੈ। ਇਹ ਟੀਚਾ ਜ਼ਿਆਦਾ ਮੁਸ਼ਕਲ ਨਹੀਂ ਹੈ। ਜਦੋਂ ਪ੍ਰਤੀ ਵਿਅਕਤੀ ਆਮਦਨ ਵਧੇਗੀ ਤਾਂ ਉਨ੍ਹਾਂ ਦੀ ਖਰਚ ਸ਼ਕਤੀ ਵੀ ਨਾਲ ਹੀ ਵਧੇਗੀ। ਇਸ ਨਾਲ ਮੰਗ ਵੀ ਵਧੇਗੀ। ਇਸ ਮੰਗ ਦੀ ਪੂਰਤੀ ਲਈ ਉਤਪਾਦਨ ਵਧੇਗਾ ਅਤੇ ਸੇਵਾਵਾਂ ਦਾ ਵਿਸਥਾਰ ਹੋਵੇਗਾ। ਇਨ੍ਹਾਂ ਸਾਰਿਆਂ ਚੀਜ਼ਾਂ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਪ੍ਰਤੀ ਵਿਅਕਤੀ ਆਮਦਨ ਵਧਣ ਨਾਲ ਬਚਤ ਵੀ ਵਧੇਗੀ।'

ਮੋਦੀ ਨੇ ਕਿਹਾ ਕਿ ਕੁਝ ਲੋਕ ਪੰਜ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਏ ਜਾਣ ਦੇ ਟੀਚੇ 'ਤੇ ਵੀ ਸਵਾਲ ਖੜ੍ਹੇ ਕਰਨਗੇ। ਮੈਂ ਅਜਿਹੇ ਲੋਕਾਂ ਨੂੰ ਪੇਸ਼ਾਵਰ ਨਿਰਾਸ਼ਾਵਾਦੀ ਕਹਿੰਦਾ ਹਾਂ। ਇਹ ਲੋਕ ਆਮ ਆਦਮੀ ਤੋਂ ਦੁਰ ਹੁੰਦੇ ਹਨ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਹੱਲ ਮੰਗੋਗੇ ਤਾਂ ਉਹ ਤੁਹਾਨੂੰ ਮੁਸ਼ਕਲ ਵਿਚ ਪਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਦੇ ਤਰੀਕਿਆਂ 'ਤੇ ਬਹਿਸ ਹੋ ਸਕਦੀ ਹੈ ਪਰ 5 ਅਰਬ ਡਾਲਰ ਦੀ ਅਰਥਵਿਵਸਥਾ ਦੇ ਟੀਚੇ 'ਤੇ ਸਵਾਲ ਖੜ੍ਹੇ ਕਰਨਾ ਗਲਤ ਹੈ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਪੇਸ਼ ਆਮ ਬਜਟ 'ਚ ਰਾਸ਼ੀ ਵੰਡ ਨੂੰ ਲੈ ਕੇ ਵੱਡੇ-ਵੱਡੇ ਵਾਅਦੇ ਨਹੀਂ ਕੀਤੇ ਪਰ ਦੇਸ਼ ਦੀ ਅਰਥਵਿਵਸਥਾ ਨੂੰ ਪੰਜ ਹਜ਼ਾਰ ਅਰਬ ਡਾਲਰ ਦਾ ਬਣਾਉਣ ਨੂੰ ਲੈ ਕੇ ਮਾਰਗਦਰਸ਼ਨ ਕੀਤਾ ਗਿਆ ਹੈ।