ਡਾ. ਰੈਡੀਜ਼ ਨੇ ਵਿਸ਼ਵ ਭਰ 'ਚ ਰੋਕੀ 'ਰੈਨੀਟੀਡਾਈਨ' ਦਵਾਈ ਦੀ ਸਪਲਾਈ

09/22/2019 1:51:33 PM

ਵਾਸ਼ਿੰਗਟਨ— ਡਾ. ਰੈਡੀਜ਼ ਲੈਬੋਰੇਟਰੀਜ਼ ਨੇ 'ਰੈਨੀਟੀਡਾਈਨ' (Ranitidine) ਦੀ ਸਪਲਾਈ ਰੋਕ ਦਿੱਤੀ ਹੈ। ਇਸ 'ਚ ਸਿਹਤ ਨੂੰ ਹਾਨੀ ਪਹੁੰਚਾਉਣ ਵਾਲੇ ਤੱਤ ਹੋਣ ਦਾ ਦੋਸ਼ ਲੱਗਾ ਹੈ। ਕੰਪਨੀ ਨੇ ਕਿਹਾ ਕਿ ਉਹ ਸਾਵਧਾਨੀ ਦੇ ਤੌਰ 'ਤੇ ਦੁਨੀਆ ਭਰ 'ਚ ਇਸ ਦਵਾਈ ਦੀ ਸਪਲਾਈ ਨੂੰ ਫਿਲਹਾਲ ਬੰਦ ਕਰ ਰਹੀ ਹੈ। ਯੂ. ਐੱਸ. ਦਾ ਖੁਰਾਕ ਤੇ ਡਰੱਗ ਪ੍ਰਸ਼ਾਸਨ ਇਸ ਦੀ ਜਾਂਚ ਕਰ ਰਿਹਾ ਹੈ।


ਇਹ ਦਵਾਈ ਪੇਟ ਦਾ ਤੇਜ਼ਾਬ ਘੱਟ ਕਰਨ ਲਈ ਖਾਦੀ ਜਾਂਦੀ ਹੈ। ਡਾ. ਰੈਡੀਜ਼ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ਦੇ ਸੰਭਾਵਿਤ ਪ੍ਰਭਾਵਾਂ ਦਾ ਮੁਲਾਂਕਣ ਕਰ ਰਹੀ ਹੈ। ਉੱਥੇ ਹੀ, ਯੂ. ਐੱਸ. ਦੇ ਖੁਰਾਕ ਤੇ ਡਰੱਗ ਪ੍ਰਸ਼ਾਸਨ (ਐੱਫ. ਡੀ. ਏ.) ਨੇ 13 ਸਤੰਬਰ ਨੂੰ ਇਕ ਬਿਆਨ 'ਚ ਕਿਹਾ ਸੀ ਕਿ ਉਹ ਰੈਨੀਟੀਡਾਈਨ ਦੀ ਜਾਂਚ ਕਰਨ ਤੇ ਮਰੀਜ਼ਾਂ 'ਤੇ ਕਿਸੇ ਵੀ ਸੰਭਾਵਿਤ ਜੋਖਮ ਦਾ ਮੁਲਾਂਕਣ ਕਰਨ ਲਈ ਗਲੋਬਲ ਰੈਗੂਲੇਟਰਾਂ ਤੇ ਉਦਯੋਗਿਕ ਭਾਈਵਾਲਾਂ ਨਾਲ ਕੰਮ ਕਰ ਰਿਹਾ ਹੈ।
ਯੂ. ਐੱਸ. ਦੇ ਖੁਰਾਕ ਤੇ ਡਰੱਗ ਪ੍ਰਸ਼ਾਸਨ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ 'ਚ ਇਸ ਦੀ ਜਾਂਚ ਰਿਪੋਰਟ ਜਾਰੀ ਕਰਨ ਦੀ ਕੋਸ਼ਿਸ਼ ਕਰੇਗਾ ਪਰ ਉਸ ਵੱਲੋਂ ਕਿਸੇ ਨੂੰ ਇਸ ਸਮੇਂ ਰੈਨੀਟੀਡਾਈਨ ਲੈਣਾ ਬੰਦ ਕਰਨ ਲਈ ਨਹੀਂ ਕਿਹਾ ਜਾ ਰਿਹਾ ਹੈ। ਐੱਫ. ਡੀ. ਏ. ਪਿਛਲੇ ਸਾਲ ਤੋਂ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਇਲਾਜ ਵਾਲੀਆਂ ਦਵਾਈਆਂ ਜਿਵੇਂ ਕਿ ਵਾਲਸਰਨ ਦੀ ਵੀ ਜਾਂਚ ਕਰ ਰਿਹਾ ਹੈ, ਜਿਸ 'ਚ ਕਥਿਤ ਤੌਰ 'ਤੇ ਕੈਂਸਰ ਕਾਰਕ ਹੋਣ ਦਾ ਦੋਸ਼ ਲੱਗਾ ਹੈ। ਉੱਥੇ ਹੀ, ਸਾਵਧਾਨੀ ਦੇ ਤੌਰ 'ਤੇ ਕਈ ਬਹੁ-ਰਾਸ਼ਟਰੀ ਕੰਪਨੀਆਂ ਨੇ ਵਾਲਸਰਨ (Valsartan) ਨੂੰ ਖੁਦ ਹੀ ਅਮਰੀਕੀ ਬਾਜ਼ਾਰਾਂ ਤੋਂ ਵਾਪਸ ਬੁਲਾ ਲਿਆ ਹੈ।