ਡਾਓ 'ਚ 30 ਤੋਂ ਵੱਧ ਅੰਕ ਦਾ ਉਛਾਲ, S&P 500 ਵੀ 0.3% ਚੜ੍ਹ ਕੇ ਬੰਦ

09/18/2019 7:56:06 AM

ਵਾਸ਼ਿੰਗਟਨ— ਸਾਊਦੀ ਸੰਕਟ ਨੂੰ ਲੈ ਕੇ ਚਿੰਤਾ ਥੋੜ੍ਹੀ ਘੱਟ ਹੋਣ ਤੇ ਫੈਡਰਲ ਰਿਜ਼ਰਵ ਦੀ ਪਾਲਿਸੀ ਜਾਰੀ ਹੋਣ ਤੋਂ ਪਹਿਲਾਂ ਯੂ. ਐੱਸ. ਬਾਜ਼ਾਰਾਂ ਦੀ ਤੇਜ਼ੀ ਸੀਮਤ ਰਹੀ, ਜਦੋਂ ਕਿ ਸਾਊਦੀ 'ਚ ਡਰੋਨ ਹਮਲੇ ਮਗਰੋਂ ਤੇਲ ਕੀਮਤਾਂ 'ਚ ਵਾਧਾ ਹੋਣ ਨਾਲ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ ਸਨ।

 

ਡਾਓ ਜੋਂਸ 33.98 ਅੰਕ ਯਾਨੀ 0.1 ਫੀਸਦੀ ਦੀ ਮਜਬੂਤੀ ਨਾਲ 27,110.80 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.3 ਫੀਸਦੀ ਦੀ ਤੇਜ਼ੀ ਨਾਲ 3,005.69 ਦੇ ਪੱਧਰ 'ਤੇ ਬੰਦ ਹੋਇਆ।

ਇਸ ਤੋਂ ਇਲਾਵਾ ਨੈਸਡੈਕ ਕੰਪੋਜ਼ਿਟ 0.4 ਫੀਸਦੀ ਦੀ ਮਜਬੂਤੀ ਦਰਜ ਕਰਦੇ ਹੋਏ 8,186.02 ਦੇ ਪੱਧਰ 'ਤੇ ਬੰਦ ਹੋਇਆ। ਮੰਗਲਵਾਰ ਨੂੰ ਕਾਰੋਬਾਰ ਦੌਰਾਨ ਰੀਅਲ ਅਸਟੇਟ ਸਟਾਕਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਇਸ ਸੈਕਟਰ ਨੇ 1.4 ਫੀਸਦੀ ਦੀ ਤੇਜ਼ੀ ਦਰਜ ਕੀਤੀ। ਹਾਲਾਂਕਿ ਬੈਂਕਾਂ ਦੇ ਸਟਾਕਸ 'ਚ ਗਿਰਾਵਟ ਕਾਰਨ ਬਾਜ਼ਾਰ ਦੀ ਤੇਜ਼ੀ ਸੀਮਤ ਰਹੀ। ਫੈੱਡ ਦੀ ਬੈਠਕ ਬੁੱਧਵਾਰ ਨੂੰ ਖਤਮ ਹੋਵੇਗੀ। ਇਸ ਦਿਨ ਕੇਂਦਰੀ ਬੈਂਕ ਕਰੰਸੀ ਨੀਤੀ ਬਾਰੇ ਆਪਣੇ ਤਾਜ਼ਾ ਫੈਸਲੇ ਦਾ ਐਲਾਨ ਕਰੇਗਾ। ਬਾਜ਼ਾਰ ਵਿਆਜ ਦਰਾਂ 'ਚ 25 ਬੇਸਿਸ ਅੰਕ ਦੀ ਕਟੌਤੀ ਦੀ ਉਮੀਦ ਕਰ ਰਿਹਾ ਹੈ। ਜੇਕਰ ਕਟੌਤੀ ਹੁੰਦੀ ਹੈ ਤਾਂ ਇਹ ਕੇਂਦਰੀ ਬੈਂਕ ਦੀ 2019 ਦੀ ਦੂਜੀ ਕਟੌਤੀ ਹੋਵੇਗੀ।