US ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ, ਡਾਓ ਵਿਚ 40 ਅੰਕ ਦੀ ਗਿਰਾਵਟ

10/23/2019 8:06:07 AM

ਵਾਸ਼ਿੰਗਟਨ— ਬ੍ਰੈਗਜ਼ਿਟ ਨੂੰ ਲੈ ਕੇ ਅਨਿਸ਼ਚਿਤਤਾ ਵਧਣ ਅਤੇ ਮੈਕਡੌਨਲਡ, ਟਰੈਵਲਰਜ਼, ਪ੍ਰੋਕਟਰ-ਗੈਂਬਲ ਤੇ ਯੂਨਾਈਟਿਡ ਤਕਨਾਲੋਜੀਜ਼ ਦੇ ਤਿਮਾਹੀ ਨਤੀਜੇ ਜਾਰੀ ਹੋਣ ਵਿਚਕਾਰ ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।

ਡਾਓ ਜੋਂਸ ਕਾਰੋਬਾਰ ਦੇ ਸ਼ੁਰੂ 'ਚ 100 ਤਕ ਚੜ੍ਹਨ ਮਗਰੋਂ ਅਖੀਰ 'ਚ 39.54 ਅੰਕ ਯਾਨੀ 0.15 ਫੀਸਦੀ ਦੀ ਗਿਰਾਵਟ ਨਾਲ 26,788.10 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਐੱਸ. ਐਂਡ ਪੀ.-500 ਇੰਡੈਕਸ 0.4 ਫੀਸਦੀ ਡਿੱਗ ਕੇ 2,995.14 ਦੇ ਪੱਧਰ 'ਤੇ ਬੰਦ ਹੋਇਆ।

ਉੱਥੇ ਹੀ, ਨੈਸਡੈਕ ਕੰਪੋਜ਼ਿਟ 0.7 ਫੀਸਦੀ ਦੀ ਗਿਰਾਵਟ ਨਾਲ 8,104.30 'ਤੇ ਬੰਦ ਹੋਇਆ। ਮੈਕਡੌਨਲਡ ਦੇ ਸਟਾਕਸ 5 ਫੀਸਦੀ ਤਕ ਡਿੱਗੇ, ਟਰੈਵਲਰਜ਼ 'ਚ 8 ਫੀਸਦੀ ਦੀ ਗਿਰਾਵਟ ਦਰਜ ਹੋਈ। ਯੂਨਾਈਟਿਡ ਤਕਨਾਲੋਜੀਜ਼ ਦੇ ਤਿਮਾਹੀ ਨਤੀਜੇ ਉਮੀਦਾਂ ਤੋਂ ਬਿਹਤਰ ਰਹੇ ਅਤੇ ਇਸ ਦੇ ਸਟਾਕਸ ਨੇ 2.2 ਫੀਸਦੀ ਬੜ੍ਹਤ ਦਰਜ ਕੀਤੀ। ਪ੍ਰੋਕਟਰ ਤੇ ਗੈਂਬਲ ਦੇ ਵਿੱਤੀ ਨਤੀਜੇ ਵੀ ਖਰ੍ਹੇ ਰਹੇ ਅਤੇ ਇਸ ਦੇ ਸਟਾਕਸ 'ਚ 2.6 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ।
ਨਿਵੇਸ਼ਕ ਚੀਨ-ਅਮਰੀਕਾ ਵਿਚਕਾਰ ਵਪਾਰਕ ਗੱਲਬਾਤ 'ਤੇ ਵੀ ਨਜ਼ਰ ਰੱਖ ਰਹੇ ਹਨ। ਚੀਨ ਦੇ ਉਪ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਬੀਜਿੰਗ ਤੇ ਵਾਸ਼ਿੰਗਟਨ ਨੇ ਆਪਣੀ ਵਪਾਰਕ ਗੱਲਬਾਤ 'ਚ ਕੁਝ ਤਰੱਕੀ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿੱਛੇ ਜਿਹੀ ਮੀਟਿੰਗ 'ਚ ਚੀਨ ਤੇ ਯੂ. ਐੱਸ. 'ਚ ਕੁੱਝ ਮੁੱਦਿਆਂ ਨੂੰ ਲੈ ਕੇ ਸਹਿਮਤੀ ਬਣੀ ਸੀ ਪਰ ਹੁਣ ਤਕ ਉਸ ਡੀਲ 'ਤੇ ਦਸਤਖਤ ਨਹੀਂ ਹੋਏ ਹਨ। ਨਿਵੇਸ਼ਕ ਇਨ੍ਹਾਂ ਦੋਹਾਂ ਵਿਚਕਾਰ ਹੋ ਰਹੀ ਗੱਲਬਾਤ ਦੇ ਨਤੀਜਿਆਂ ਦਾ ਅੰਦਾਜ਼ਾ ਲਗਾ ਕੇ ਬਾਜ਼ਾਰ 'ਚ ਖਰੀਦਦਾਰੀ ਅਤੇ ਵਿਕਵਾਲੀ ਕਰ ਰਹੇ ਹਨ। ਕੰਪਨੀਆਂ ਦੇ ਤਿਮਾਹੀ ਨਤੀਜਿਆਂ 'ਤੇ ਵੀ ਨਿਵੇਸ਼ਕਾਂ ਦੀ ਨਜ਼ਦੀਕੀ ਨਜ਼ਰ ਹੈ।