ਡਾਓ ਜੋਂਸ 100 ਤੋਂ ਵੱਧ ਅੰਕ ਡਿੱਗਾ, U.S. ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ

09/25/2019 7:53:51 AM

ਵਾਸ਼ਿੰਗਟਨ—  ਯੂ. ਐੱਸ. ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜਨੀਤਿਕ ਭਵਿੱਖ ਦੀ ਚਿੰਤਾ ਕਾਰਨ ਮੰਗਲਵਾਰ ਨੂੰ ਯੂ. ਐੱਸ. ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਡਾਓ ਜੋਂਸ 142 ਅੰਕ ਯਾਨੀ 0.5 ਫੀਸਦੀ ਡਿੱਗ ਕੇ 26,807.77 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਕਾਰੋਬਾਰ ਦੌਰਾਨ ਇਸ ਨੇ 200 ਅੰਕ ਤਕ ਦੀ ਵੀ ਗਿਰਾਵਟ ਦਰਜ ਕੀਤੀ। ਉੱਥੇ ਹੀ, ਐੱਸ. ਡੀ. ਪੀ.-500 ਇੰਡੈਕਸ 0.8 ਫੀਸਦੀ ਦੀ ਗਿਰਾਵਟ ਨਾਲ 2,966.60 ਦੇ ਪੱਧਰ ਬੰਦ ਹੋਇਆ, ਜੋ 23 ਅਗਸਤ ਤੋਂ ਬਾਅਦ ਇਸ 'ਚ ਇਕ ਦਿਨ ਦੀ ਵੱਡੀ ਗਿਰਾਵਟ ਹੈ।


ਸੱਤਾ ਦੀ ਕਥਿਤ ਦੁਰਵਰਤੋਂ ਦੇ ਦੋਸ਼ਾਂ ਦੇ ਮੱਦੇਨਜ਼ਰ ਸਦਨ ਦੀ ਸਪੀਕਰ ਨੈਂਸੀ ਪੈਲੋਸੀ ਵੱਲੋਂ ਡੋਨਾਲਡ ਟਰੰਪ 'ਤੇ ਮਹਾਂਦੋਸ਼ ਜਾਂਚ ਦੀ ਘੋਸ਼ਣਾ ਕਰਨ ਤੋਂ ਪਹਿਲਾਂ ਨਿਵੇਸ਼ਕਾਂ 'ਚ ਘਬਰਾਹਟ ਦੇਖਣ ਨੂੰ ਮਿਲੀ। ਹਾਲਾਂਕਿ, ਇਸ ਵਿਚਕਾਰ ਟਰੰਪ ਨੇ ਕਿਹਾ ਕਿ ਉਹ ਵਿਵਾਦਪੂਰਨ ਸਥਿਤੀ ਦਾ ਡੱਟ ਕੇ ਸਾਹਮਣਾ ਕਰ ਲੈਣਗੇ। ਇਸ ਨਾਲ ਬਾਜ਼ਾਰ 'ਚ ਗਿਰਾਵਟ ਘੱਟ ਹੋਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਅਮਰੀਕੀ ਬਾਜ਼ਾਰਾਂ 'ਚ ਕਾਰੋਬਾਰ ਸੁਸਤ ਰਿਹਾ ਸੀ। ਡਾਓ ਜੋਂਸ ਜਿੱਥੇ ਹਰੇ ਨਿਸ਼ਾਨ 'ਚ ਬੰਦ ਹੋਇਆ ਸੀ, ਉੱਥੇ ਹੀ ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਦੋਵੇਂ ਲਾਲ ਨਿਸ਼ਾਨ 'ਤੇ ਬੰਦ ਹੋਏ ਸਨ। ਦਰਅਸਲ, ਯੂਰਪ ਦੇ ਕਮਜ਼ੋਰ ਆਰਥਿਕ ਅੰਕੜਿਆਂ ਕਾਰਨ ਗਲੋਬਲ ਇਕਨੋਮੀ ਨੂੰ ਲੈ ਕੇ ਚਿੰਤਾ ਵਧਣ ਨਾਲ ਬਾਜ਼ਾਰ ਦਾ ਮਾਹੌਲ ਸੁਸਤ ਰਿਹਾ ਸੀ। ਯੂਰਪ ਦੇ ਕਮਜ਼ੋਰ ਅੰਕੜੇ ਉਸ ਵਕਤ ਸਾਹਮਣੇ ਆਏ ਹਨ ਜਦੋਂ ਚੀਨ ਤੇ ਯੂ. ਐੱਸ. ਵਿਚਕਾਰ ਵਪਾਰ ਯੁੱਧ ਕਾਰਨ ਬਾਜ਼ਾਰ ਪਹਿਲਾਂ ਹੀ ਗਲੋਬਲ ਅਰਥ-ਵਿਵਸਥਾ ਨੂੰ ਲੈ ਕੇ ਚਿੰਤਤ ਹੈ।