ਸੋਮਵਾਰ ਮਜਬੂਤੀ 'ਚ ਬੰਦ ਹੋਏ US ਬਾਜ਼ਾਰ, ਡਾਓ 'ਚ ਇੰਨਾ ਉਛਾਲ

07/23/2019 8:13:35 AM

ਵਾਸ਼ਿੰਗਟਨ— ਕਾਰਪੋਰੇਟ ਨਤੀਜੇ ਬਿਹਤਰ ਰਹਿਣ ਦੀ ਉਮੀਦ ਅਤੇ ਇਸ ਮਹੀਨੇ ਫੈਡਰਲ ਰਿਜ਼ਰਵ ਵੱਲੋਂ ਪਾਲਿਸੀ ਦਰਾਂ 'ਚ ਨਰਮੀ ਕੀਤੇ ਜਾਣ ਦੀ ਸੰਭਾਵਨਾ ਨਾਲ ਸੋਮਵਾਰ ਨੂੰ ਵਾਲ ਸਟ੍ਰੀਟ 'ਚ ਹਲਕੀ ਬੜ੍ਹਤ ਦਰਜ ਹੋਈ।


ਬੋਇੰਗ ਸਟਾਕਸ 'ਚ 1 ਫੀਸਦੀ ਦੀ ਗਿਰਾਵਟ ਕਾਰਨ ਡਾਓ ਦੀ ਤੇਜ਼ੀ ਸੀਮਤ ਰਹੀ। ਕਾਰੋਬਾਰ ਦੇ ਅਖੀਰ 'ਚ ਡਾਓ ਜੋਂਸ 17.70 ਅੰਕ ਯਾਨੀ 0.1 ਫੀਸਦੀ ਦੀ ਮਜਬੂਤੀ 'ਚ 27,171.90 ਦੇ ਪੱਧਰ 'ਤੇ ਬੰਦ ਹੋਣ 'ਚ ਸਫਲ ਰਿਹਾ। ਐੱਸ. ਐਂਡ ਪੀ.-500 ਇੰਡੈਕਸ 0.3 ਫੀਸਦੀ ਦੀ ਮਜਬੂਤੀ 'ਚ 2,985.03 'ਤੇ ਪਹੁੰਚਣ 'ਚ ਸਫਲ ਰਿਹਾ। ਇਸ ਦੌਰਾਨ ਨੈਸਡੈਕ ਕੰਪੋਜ਼ਿਟ 0.7 ਫੀਸਦੀ ਵੱਧ ਕੇ 8,204.14 ਦੇ ਪੱਧਰ 'ਤੇ ਬੰਦ ਹੋਇਆ।
ਇਸ ਹਫਤੇ ਫੇਸਬੁੱਕ, ਅਲਫਾਬੇਟ, ਐਮਾਜ਼ੋਨ, ਮੈਕਡੌਨਲਡ ਤੇ ਬੋਇੰਗ ਤਿਮਾਹੀ ਨਤੀਜੇ ਜਾਰੀ ਕਰਨਗੇ। ਸੋਮਵਾਰ ਨੂੰ ਇਹ ਸਾਰੇ ਸਟਾਕਸ ਹਰੇ ਨਿਸ਼ਾਨ 'ਚ ਬੰਦ ਹੋਏ ਹਨ। ਹੁਣ ਤਕ ਐੱਸ. ਐਂਡ ਪੀ.-500 ਦੀਆਂ 15 ਫੀਸਦੀ ਤੋਂ ਵੱਧ ਕੰਪਨੀਆਂ ਆਪਣੇ ਤਿਮਾਹੀ ਨਤੀਜੇ ਜਾਰੀ ਕਰ ਚੁੱਕੀਆਂ ਹਨ। ਇਨ੍ਹਾਂ 'ਚੋਂ ਲਗਭਗ 78.5 ਫੀਸਦੀ ਦਾ ਪ੍ਰਦਰਸ਼ਨ ਵਿਸ਼ਲੇਸ਼ਕਾਂ ਦੀਆਂ ਉਮੀਦਾਂ ਮੁਤਾਬਕ ਪ੍ਰਦਰਸ਼ਨ ਕੀਤਾ ਹੈ, ਜਦੋਂ ਕਿ 67 ਫੀਸਦੀ ਦਾ ਰੈਵੇਨਿਊ ਪ੍ਰਦਰਸ਼ਨ ਉਮੀਦਾਂ ਤੋਂ ਬਿਹਤਰ ਰਿਹਾ ਹੈ।