ਅਮਰੀਕੀ ਬਾਜ਼ਾਰਾਂ 'ਚ ਤੇਜ਼ੀ, ਡਾਓ ਜੋਂਸ 298 ਅੰਕ ਚੜ੍ਹ ਕੇ ਬੰਦ

05/22/2018 7:59:44 AM

ਵਾਸ਼ਿੰਗਟਨ— ਅਮਰੀਕਾ-ਚੀਨ ਵਿਚਕਾਰ ਸਮਝੌਤੇ ਨਾਲ ਅਮਰੀਕੀ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ।ਮਾਰਚ 2018 ਦੇ ਬਾਅਦ ਡਾਓ ਜੋਂਸ ਪਹਿਲੀ ਵਾਰ 25,000 ਦੇ ਪਾਰ ਬੰਦ ਹੋਣ 'ਚ ਕਾਮਯਾਬ ਹੋਇਆ ਹੈ।ਹਾਲਾਂਕਿ ਅਮਰੀਕਾ 'ਚ ਬਾਂਡ ਯੀਲਡ ਹੁਣ ਵੀ 3 ਫੀਸਦੀ ਦੇ ਉੱਤੇ ਬਣੀ ਹੋਈ ਹੈ। ਸ਼ਨੀਵਾਰ ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਨੂੰ ਲੈ ਕੇ ਗੱਲਬਾਤ ਹੋਈ, ਜਿਸ 'ਚ ਬੀਜਿੰਗ ਨੇ ਅਮਰੀਕਾ ਦਾ ਵਪਾਰ ਘਾਟਾ ਘੱਟ ਕਰਨ 'ਤੇ ਸਹਿਮਤੀ ਦਿਖਾਈ ਹੈ। ਇਸ ਤਹਿਤ ਚੀਨ ਅਮਰੀਕਾ ਤੋਂ ਐਨਰਜੀ ਅਤੇ ਖੇਤੀਬਾੜੀ ਵਸਤਾਂ ਦੀ ਦਰਾਮਦ ਵਧਾਏਗਾ। ਦੋਹਾਂ ਆਰਥਿਕ ਸ਼ਕਤੀਆਂ ਵਿਚਕਾਰ ਹੋਈ ਗੱਲਬਾਤ ਨਾਲ ਵਪਾਰ ਯੁੱਧ ਦੀ ਸੰਭਾਵਨਾ ਨਰਮ ਹੋਣ ਕਾਰਨ ਨਿਵੇਸ਼ਕਾਂ ਦੀ ਕਾਰੋਬਾਰੀ ਧਾਰਨਾ ਮਜ਼ਬੂਤ ਹੋਈ ਹੈ, ਜਿਸ ਨਾਲ ਅਮਰੀਕੀ ਬਾਜ਼ਾਰਾਂ ਨੇ ਤੇਜ਼ੀ ਫੜੀ।

ਸੋਮਵਾਰ ਦੇ ਕਾਰੋਬਾਰੀ ਸਤਰ 'ਚ ਡਾਓ ਜੋਂਸ 298.2 ਅੰਕ ਯਾਨੀ 1.2 ਫੀਸਦੀ ਦੀ ਮਜ਼ਬੂਤੀ ਨਾਲ 25,013.3 ਦੇ ਪੱਧਰ ਉੱਤੇ ਬੰਦ ਹੋਇਆ ਹੈ।ਡਾਓ ਜੋਂਸ 'ਚ ਬੋਇੰਗ, ਕੈਟਰਪਿਲਰ ਅਤੇ ਯੂਨਾਈਟਿਡ ਤਕਨਾਲੋਜੀਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉੱਥੇ ਹੀ ਤਕਨਾਲੋਜੀ ਸੈਕਟਰ 'ਚ ਤੇਜ਼ੀ ਨਾਲ ਨੈਸਡੈਕ 39.7 ਅੰਕ ਯਾਨੀ 0.5 ਫੀਸਦੀ ਚੜ੍ਹ ਕੇ 7,394 ਦੇ ਪੱਧਰ ਉੱਤੇ ਬੰਦ ਹੋਇਆ ਹੈ।ਇਸ ਦੇ ਇਲਾਵਾ ਇੰਡਸਟਰੀਅਲ ਸੈਕਟਰ 'ਚ 1.5 ਫੀਸਦੀ ਦੀ ਤੇਜ਼ੀ ਨਾਲ ਐੱਸ. ਐਂਡ. ਪੀ.-500 ਇੰਡੈਕਸ 20 ਅੰਕ ਯਾਨੀ 0.75 ਫੀਸਦੀ ਦੇ ਉਛਾਲ ਨਾਲ 2,733 ਦੇ ਪੱਧਰ ਉੱਤੇ ਬੰਦ ਹੋਇਆ ਹੈ।