ਵਾਲਮਾਰਟ ''ਚ ਗਿਰਾਵਟ ਨਾਲ ਹਿੱਲੇ ਅਮਰੀਕੀ ਬਾਜ਼ਾਰ, ਡਾਓ ਜੋਂਸ 255 ਅੰਕ ਟੁੱਟਾ

02/21/2018 8:45:31 AM

ਵਾਸ਼ਿੰਗਟਨ— ਵਾਲਮਾਰਟ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਅਤੇ ਬਾਂਡ ਯੀਲਡ 'ਚ ਵਾਧੇ ਕਾਰਨ ਮੰਗਲਵਾਰ ਨੂੰ ਅਮਰੀਕੀ ਬਾਜ਼ਾਰ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਪਿਛਲੇ 6 ਦਿਨਾਂ ਦੀ ਤੇਜ਼ੀ ਗੁਆਉਂਦੇ ਹੋਏ ਡਾਓ ਜੋਂਸ 254.63 ਅੰਕ ਦੀ ਗਿਰਾਵਟ ਨਾਲ 24,964.75 'ਤੇ ਬੰਦ ਹੋਇਆ ਹੈ। ਵਾਲਮਾਰਟ ਦੇ ਸ਼ੇਅਰ 'ਚ 10.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਇਸ ਦੇ ਸ਼ੇਅਰ 'ਚ ਜਨਵਰੀ 1988 ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ। ਵਾਲਮਾਰਟ ਦਾ ਸ਼ੇਅਰ 10.65 ਅੰਕ ਯਾਨੀ 10.2 ਫੀਸਦੀ ਦੀ ਗਿਰਾਵਟ ਨਾਲ 94.11 ਦੇ ਪੱਧਰ 'ਤੇ ਬੰਦ ਹੋਇਆ ਹੈ। ਮੰਗਲਵਾਰ ਨੂੰ ਜਦੋਂ ਦੁਨੀਆ ਦੇ ਸਭ ਤੋਂ ਵੱਡੇ ਰਿਟੇਲਰ ਵਾਲਮਾਰਟ ਨੇ ਕਿਹਾ ਕਿ ਉਸ ਦੀ 2017 ਦੀ ਆਖਰੀ ਤਿਮਾਹੀ 'ਚ ਆਨਲਾਈਨ ਵਿਕਰੀ ਘਟੀ ਹੈ, ਤਾਂ ਉਸ ਦੇ ਬਾਅਦ ਵਾਲਮਾਰਟ ਦੇ ਸਟਾਕ 'ਚ ਭਾਰੀ ਗਿਰਾਵਟ ਸ਼ੁਰੂ ਹੋ ਗਈ, ਜਿਸ ਦਾ ਅਸਰ ਪੂਰੇ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ। ਇਸ ਮਿਆਦ ਦੌਰਾਨ ਵਾਲਮਾਰਟ ਦੀ ਵਿਕਰੀ 23 ਫੀਸਦੀ ਵਧੀ ਪਰ ਇਹ ਪਿਛਲੀ ਤਿੰਨ ਤਿਮਾਹੀਆਂ ਦੇ ਮੁਕਾਬਲੇ 50 ਫੀਸਦੀ ਘੱਟ ਰਹੀ।

ਐੱਸ. ਡੀ. ਪੀ.-500 ਇੰਡੈਕਸ ਵੀ 15.96 ਅੰਕ ਯਾਨੀ 0.6 ਫੀਸਦੀ ਦੀ ਗਿਰਾਵਟ ਨਾਲ 2716.26 'ਤੇ ਬੰਦ ਹੋਇਆ ਹੈ। ਉੱਥੇ ਹੀ, ਐਮਾਜ਼ੋਨ ਅਤੇ ਚਿਪ ਸਟਾਕਸ 'ਚ ਤੇਜ਼ੀ ਹੋਣ ਨਾਲ ਨੈਸਡੈਕ ਹਲਕੀ ਗਿਰਾਵਟ ਨਾਲ ਬੰਦ ਹੋਇਆ ਹੈ। ਨੈਸਡੈਕ ਕੰਪੋਜਿਟ ਇੰਡੈਕਸ 5.16 ਯਾਨੀ 0.07 ਫੀਸਦੀ ਡਿੱਗ ਕੇ 7234.31 ਦੇ ਪੱਧਰ 'ਤੇ ਬੰਦ ਹੋਇਆ ਹੈ। ਅਮਰੀਕਾ 'ਚ 10 ਸਾਲਾਂ ਦੀ ਮਿਆਦ ਵਾਲੇ ਬਾਂਡ ਦਾ ਯੀਲਡ ਚਾਰ ਸਾਲਾਂ ਦੀ ਸਭ ਤੋਂ ਉਚਾਈ 2.91 ਫੀਸਦੀ 'ਤੇ ਪਹੁੰਚ ਗਿਆ ਹੈ। ਨਿਵੇਸ਼ਕਾਂ ਨੂੰ ਡਰ ਹੈ ਕਿ ਮਹਿੰਗਾਈ ਵਧਣ ਕਾਰਨ ਫੈਡਰਲ ਰਿਜ਼ਰਵ ਛੇਤੀ ਹੀ ਵਿਆਜ ਦਰਾਂ 'ਚ ਵਾਧਾ ਕਰ ਸਕਦਾ ਹੈ, ਜੋ ਕਿ ਬਾਂਡ ਲਈ ਤਾਂ ਆਕਰਸ਼ਕ ਹੋਵੇਗਾ ਪਰ ਸ਼ੇਅਰਾਂ ਲਈ ਨਹੀਂ। ਇਸ ਦੇ ਮੱਦੇਨਜ਼ਰ ਵੀ ਅਮਰੀਕੀ ਬਾਜ਼ਾਰਾਂ 'ਤੇ ਦਬਾਅ ਰਿਹਾ।