USA ਬਾਜ਼ਾਰ ਮਜਬੂਤੀ ਵਿਚ ਬੰਦ, ਡਾਓ ਜੋਂਸ 'ਚ 100 ਅੰਕ ਦਾ ਉਛਾਲ

12/17/2019 8:03:28 AM

ਵਾਸ਼ਿੰਗਟਨ— ਇਹ ਸਾਲ ਖਤਮ ਹੋਣ ਤੋਂ ਪਹਿਲਾਂ ਯੂ. ਐੱਸ.-ਚੀਨ ਵਿਚਕਾਰ ਵਪਾਰ ਡੀਲ ਹੋਣ ਦੀ ਉਮੀਦ ਨਾਲ ਉਤਸ਼ਾਹਤ ਬਾਜ਼ਾਰ ਸੋਮਵਾਰ ਨੂੰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਡਾਓ ਜੋਂਸ 100 ਅੰਕ ਦੀ ਮਜਬੂਤੀ ਨਾਲ 28,235.89 ਦੇ ਆਲਟਾਈਮ ਉੱਚ ਪੱਧਰ 'ਤੇ ਬੰਦ ਹੋਇਆ।

 

ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.7 ਫੀਸਦੀ ਦੀ ਤੇਜ਼ੀ ਨਾਲ 3,191.45 ਦੇ ਪੱਧਰ 'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 0.9 ਫੀਸਦੀ ਦੀ ਬੜ੍ਹਤ ਨਾਲ 8,814.23 ਦੇ ਪੱਧਰ 'ਤੇ ਬੰਦ ਹੋਇਆ। ਮਾਈਕਰੋਨ ਟੈਕਨਾਲੋਜੀ 'ਚ 3.4 ਫੀਸਦੀ ਦੀ ਤੇਜ਼ੀ ਤੇ ਵੈਸਟਰਨ ਡਿਜੀਟਲ 'ਚ 4.1 ਫੀਸਦੀ ਦੀ ਮਜਬੂਤੀ ਨਾਲ ਤਕਨਾਲੋਜੀ ਸਟਾਕਸ ਨੇ 0.9 ਫੀਸਦੀ ਦੀ ਬੜ੍ਹਤ ਦਰਜ ਕੀਤੀ। ਗੋਲਡਮੈਨ ਸਾਕਸ 'ਚ 1.4 ਫੀਸਦੀ ਦੀ ਤੇਜ਼ੀ ਨਾਲ ਡਾਓ ਜੋਂਸ ਨੂੰ ਮਜਬੂਤੀ ਮਿਲੀ।
ਚੀਨ ਦੇ ਮਜਬੂਤ ਇਕਨੋਮਿਕ ਅੰਕੜਿਆਂ ਨਾਲ ਵੀ ਨਿਵੇਸ਼ਕਾਂ ਦੀ ਸਕਾਰਾਤਮਕ ਧਾਰਨਾ ਨੂੰ ਬਲ ਮਿਲਿਆ। ਨਵੰਬਰ 'ਚ ਚੀਨ 'ਚ ਉਦਯੋਗਿਕ ਉਤਪਾਦਨ ਸਾਲ-ਦਰ-ਸਾਲ ਦੇ ਆਧਾਰ 'ਤੇ 6.2 ਫੀਸਦੀ ਵਧਿਆ ਹੈ। ਰਿਟੇਲ ਸੇਲ ਵੀ 8 ਫੀਸਦੀ ਵਧੀ ਹੈ। ਸ਼ੁੱਕਰਵਾਰ ਨੂੰ ਯੂ. ਐੱਸ.-ਚੀਨ ਨੇ ਐਲਾਨ ਕੀਤਾ ਕਿ ਉਹ ਦੋਵੇਂ ਵਪਾਰ ਡੀਲ 'ਤੇ ਅੱਗੇ ਵਧ ਰਹੇ ਹਨ। ਸਮਝੌਤੇ ਮੁਤਾਬਕ, ਯੂ. ਐੱਸ. ਚੀਨ ਦੇ ਕੁਝ ਸਮਾਨਾਂ 'ਤੇ ਟੈਰਿਫ ਵਾਪਸ ਲਵੇਗਾ ਤੇ ਚੀਨ ਬਦਲੇ 'ਚ ਅਮਰੀਕੀ ਖੇਤੀ ਵਸਤਾਂ ਦੀ ਖਰੀਦ ਨੂੰ ਵਧਾਏਗਾ।